Bible Versions
Bible Books

Ezekiel 21 (PAV) Punjabi Old BSI Version

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਆਦਮੀ ਦੇ ਪੁੱਤ੍ਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤ੍ਰ ਅਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਅਗੰਮ ਵਾਚ
3 ਅਤੇ ਇਸਰਾਏਲ ਦੀ ਭੂਮੀ ਨੂੰ ਆਖ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਵੱਢ ਸੁੱਟਾਂਗਾ
4 ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਏਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੀਕਰ ਸਾਰਿਆਂ ਬਸ਼ਰਾਂ ਤੇ ਚੱਲੇਗੀ
5 ਅਤੇ ਸਾਰੇ ਬਸ਼ਰ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ
6 ਹੇ ਆਦਮੀ ਦੇ ਪੁੱਤ੍ਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ
7 ਐਉਂ ਹੋਵੇਗਾ ਕਿ ਜਦੋਂ ਓਹ ਤੈਨੂੰ ਆਖਣ ਕਿ ਤੂੰ ਕਿਉਂ ਹਾਇ, ਹਾਇ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਵਾਈ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੱਘਰ ਜਾਵੇਗਾ ਅਤੇ ਸਾਰੇ ਹੱਥ ਨਿਰਬਲ ਹੋ ਜਾਣਗੇ ਅਤੇ ਹਰ ਇੱਕ ਆਤਮਾ ਮਾੜਾ ਪੈ ਜਾਏਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੁ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।।
8 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
9 ਹੇ ਆਦਮੀ ਦੇ ਪੁੱਤ੍ਰ, ਅਗੰਮ ਵਾਚ ਅਤੇ ਤੂੰ ਆਖ, ਪ੍ਰਭੁ ਐਉਂ ਫ਼ਰਮਾਉਂਦਾ ਹੈ, - ਆਖ ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ!
10 ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ। ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿੱਜਲੀ ਵਾਂਗਰ ਲਿਸ਼ਕੇ। ਫੇਰ ਕੀ ਅਸੀਂ ਖੁਸ਼ ਹੋ ਸੱਕਦੇ ਹਾਂ? ਮੇਰੇ ਪੁੱਤ੍ਰ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ
11 ਅਤੇ ਉਹ ਨੇ ਉਸ ਨੂੰ ਲਿਸ਼ਕਾਣ ਲਈ ਦਿੱਤਾ ਹੈ ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ
12 ਹੇ ਆਦਮੀ ਦੇ ਪੁੱਤ੍ਰ, ਤੂੰ ਦੁਹਾਈ ਦੇਹ ਅਤੇ ਢਾਹਾਂ ਮਾਰ ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ। ਉਹ ਇਸਰਾਏਲ ਦੇ ਸਾਰੇ ਰਾਜਕੁਮਾਰਾਂ ਤੇ ਚੱਲੇਗੀ। ਉਹ ਮੇਰੀ ਪਰਜਾ ਸਣੇ ਤਲਵਾਰ ਦੇ ਹਵਾਲੇ ਕੀਤੇ ਗਏ ਹਨ ਏਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ
13 ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੋ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਪ੍ਰਭੁ ਯਹੋਵਾਹ ਦਾ ਵਾਕ ਹੈ
14 ਆਦਮੀ ਦੇ ਪੁੱਤ੍ਰ, ਤੂੰ ਅਗੰਮ ਵਾਚ ਅਤੇ ਤਾਉੜੀ ਵਜਾ ਅਤੇ ਤਲਵਾਰ ਤੀਜੀ ਵਾਰ ਦੂਣੀ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਏਹ ਘਾਣ ਲਾਹੁਣ ਦੀ ਤਲਵਾਰ ਹੈ ਜਿਹੜੀ ਉਨ੍ਹਾਂ ਨੂੰ ਘੇਰਦੀ ਹੈ
15 ਮੈਂ ਇਹ ਤਲਵਾਰ ਓਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਘਰਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ। ਹਾਇ ਲਿਸ਼ਕਾਈ ਹੋਈ ਤਲਵਾਰ! ਇਸ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਸਿਕਲ ਕੀਤੀ ਗਈ ਹੈ!
16 ਆਪਣੇ ਬਲ ਨੂੰ ਇਕੱਠਾ ਕਰ ਕੇ ਸੱਜੇ ਪਾਸੇ ਜਾਹ ਅਤੇ ਤਿਆਰ ਹੋਕੇ ਖੱਬੇ ਪਾਸੇ ਜਾਹ, ਜਿੱਧਰ ਤੇਰਾ ਮੂੰਹ ਹੋਵੇ
17 ਮੈਂ ਵੀ ਤਾਉੜੀ ਵਜਾਵਾਂਗਾ ਅਤੇ ਆਪਣੇ ਕਹਿਰ ਨੂੰ ਠੰਡਾ ਕਰਾਂਗਾ, ਮੈਂ ਯਹੋਵਾਹ ਨੇ ਇਹ ਉਚਾਰਿਆ ਹੈ।।
18 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
19 ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਨ੍ਹਾਂ ਵਿੱਚੋਂ ਦੀ ਬਾਬਲ ਦੇ ਪਾਤਸ਼ਾਹ ਦੀ ਤਲਵਾਰ ਆਵੇ। ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ। ਇੱਕ ਨਿਸ਼ਾਨ ਬਣਾ। ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ
20 ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰੱਬਾਹ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ
21 ਕਿਉਂ ਜੋ ਬਾਬਲ ਦਾ ਪਾਤਸ਼ਾਹ ਦੁਰਾਹੇ ਉੱਤੇ ਫਾਲ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵੇਖਦਾ ਹੈ
22 ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਫਾਲ ਪੈਂਦਾ ਹੈ ਕਿ ਕਿਲਾਤੋੜ ਜੰਤ੍ਰਾਂ ਨੂੰ ਲਾਵੇ ਅਤੇ ਕਟਾ ਵੱਢੀ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾਤੋੜ ਜੰਤ੍ਰਾਂ ਨੂੰ ਲਾਵੇ ਅਤੇ ਦਮਦਮੇ ਬੰਨ੍ਹੇ ਅਤੇ ਬੁਰਜ ਬਣਾਵੇ
23 ਪਰ ਉਨ੍ਹਾਂ ਦੀ ਨਜ਼ਰ ਵਿੱਚ ਇਹ ਝੂਠੇ ਫਾਲ ਵਾਂਗਰ ਹੋਵੇਗਾ, ਅਰਥਾਤ ਉਨ੍ਹਾਂ ਲਈ ਜਿਨ੍ਹਾਂ ਨੇ ਸੌਂਹ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ।।
24 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕਿਉਂ ਜੋ ਤੁਸਾਂ ਆਪਣੀ ਬਦੀ ਨੂੰ ਚੇਤੇ ਕਰਾਇਆ ਅਤੇ ਤੁਹਾਡੇ ਅਪਰਾਧ ਪਰਗਟ ਹੋਏ ਇੱਥੋਂ ਤੀਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿੱਸਦੇ ਹਨ। ਤੁਸੀਂ ਖਿਆਲ ਵਿੱਚ ਗਏ ਹੋ, ਏਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ
25 ਹੇ ਇਸਰਾਏਲ ਦੇ ਦੁਸ਼ਟ ਫੱਟੜ ਰਾਜਕੁਮਾਰ, ਤੇਰਾ ਦਿਨ ਗਿਆ ਹੈ! ਇਹ ਬਦੀ ਦਾ ਅੰਤ ਸਮਾ ਹੈ!
26 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। ਇਹ ਏਦਾਂ ਨਹੀਂ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ
27 ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।।
28 ਹੇ ਆਦਮੀ ਦੇ ਪੁੱਤ੍ਰ, ਤੂੰ ਅਗੰਮ ਵਾਚ ਅਤੇ ਤੂੰ ਆਖ ਕਿ ਪ੍ਰਭੁ ਯਹੋਵਾਹ ਅੰਮੋਨੀਆਂ ਲਈ ਅਤੇ ਉਨ੍ਹਾਂ ਦੇ ਤਾਨੇ ਮਿਹਣਿਆਂ ਦੇ ਵਿਖੇ ਐਉਂ ਫ਼ਰਮਾਉਂਦਾ ਹੈ, - ਤੂੰ ਆਖ, ਇੱਕ ਤਲਵਾਰ! ਸਗੋਂ ਖਿਚੀ ਹੋਈ ਤਲਵਾਰ! ਵੱਢਣ ਲਈ ਉਹ ਡਾਢੀ ਚਮਕਾਈ ਗਈ ਤਾਂ ਜੋ ਉਹ ਬਿਜਲੀ ਵਾਂਗਰ ਹੋਵੇ
29 ਜਦੋਂ ਕਿ ਉਹ ਤੇਰੇ ਲਈ ਫੋਕੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਫਾਲ ਕੱਢਦੇ ਹਨ ਕਿ ਤੈਨੂੰ ਉਨ੍ਹਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ ਜਿਨ੍ਹਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਗਿਆ ਹੈ
30 ਉਹ ਨੂੰ ਮਿਆਨ ਵਿੱਚ ਪਾ। ਮੈਂ ਤੇਰੇ ਜਨਮ ਅਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਆਉਂ ਕਰਾਂਗਾ
31 ਅਤੇ ਮੈਂ ਆਪਣਾ ਕਹਿਰ ਤੇਰੇ ਤੇ ਪਵਾਂਗਾ ਅਤੇ ਆਪਣੇ ਕ੍ਰੋਧ ਦੀ ਅੱਗ ਤੇਰੇ ਉੱਤੇ ਭੜਕਾਵਾਂਗਾ ਅਤੇ ਤੈਨੂੰ ਪਸੂ ਸੁਭਾ ਮਨੁੱਖਾਂ ਨੂੰ ਸੌਪਾਂਗਾ ਜਿਹੜੇ ਨਾਸ ਕਰਨ ਵਿੱਚ ਹੁਸ਼ਿਆਰ ਹਨ
32 ਤੂੰ ਅੱਗ ਦੀ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ ਅਤੇ ਫੇਰ ਤੂੰ ਚੇਤੇ ਵੀ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹੋਵਾਹ ਨੇ ਫ਼ਰਮਾਇਆ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×