Bible Versions
Bible Books

Genesis 25 (PAV) Punjabi Old BSI Version

1 ਅਬਰਾਹਾਮ ਇੱਕ ਹੋਰ ਤੀਵੀਂ ਲਿਆਇਆ ਜਿਹਦਾ ਨਾਉਂ ਕਟੂਰਾਹ ਸੀ
2 ਉਸ ਨੇ ਉਸ ਦੇ ਲਈ ਜਿਮਰਾਨ ਅਰ ਯਾਕਸਾਨ ਅਰ ਮਦਾਨ ਅਰ ਮਿਦਯਾਨ ਅਰ ਯਿਸਬਾਕ ਅਰ ਸੂਅਹ ਜਣੇ
3 ਅਰ ਯਾਕਸਾਨ ਤੋਂ ਸਬਾ ਅਰ ਦਦਾਨ ਜੰਮੇ ਅਰ ਦਾਦਾਨ ਦੇ ਪੁੱਤ੍ਰ ਅੱਸੂਰਿਮ ਅਰ ਲਟੂਸਿਮ ਲਉੱਮਿਮ ਸਨ
4 ਅਰ ਮਿਦਯਾਨ ਦੇ ਪੁੱਤ੍ਰ ਏਫਾਹ ਅਰ ਏਫਰ ਅਰ ਹਨੋਕ ਅਰ ਏਬੀਦਾ ਅਰ ਅਲਦਾਆ ਸਨ ਏਹ ਸਾਰੇ ਕਟੂਰਾਹ ਦੇ ਪੁੱਤ੍ਰ ਸਨ।
5 ਤਾਂ ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ ਇਸਹਾਕ ਨੂੰ ਦਿੱਤਾ
6 ਪਰ ਆਪਣੀਆਂ ਧਰੇਲਾਂ ਦੇ ਪੁੱਤ੍ਰਾਂ ਨੂੰ ਅਬਰਾਹਾਮ ਨੇ ਇਨਾਮ ਦੇਕੇ ਆਪਣੇ ਪੁੱਤ੍ਰ ਇਸਹਾਕ ਦੇ ਕੋਲੋਂ ਪੂਰਬ ਦੀ ਧਰਤੀ ਵਿੱਚ ਚੜ੍ਹਦੀ ਕੂਟ ਨੂੰ ਆਪਣੇ ਜੀਉਂਦੇ ਜੀ ਘੱਲ ਦਿੱਤਾ
7 ਅਬਾਰਾਹਮ ਦੇ ਜੀਵਣ ਦੇ ਦਿਹਾੜੇ ਇੱਕ ਸੌ ਪਝੱਤਰ ਵਰਹੇ ਸਨ
8 ਅਬਰਾਹਾਮ ਪ੍ਰਾਣ ਤਿਆਗ ਕੇ ਚੰਗੇ ਬਿਰਧ ਪੁਣੇ ਵਿੱਚ ਬੁੱਢਾ ਅਰ ਸਮਾਪੂਰ ਹੋਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ
9 ਤਾਂ ਉਸ ਦੇ ਪੁੱਤ੍ਰਾਂ ਇਸਹਾਕ ਅਰ ਇਸਮਾਏਲ ਨੇ ਉਸ ਨੂੰ ਮਕਫੇਲਾਹ ਦੀ ਗੁਫਾ ਵਿੱਚ ਹਿੱਤੀ ਸ਼ੋਹਰ ਦੇ ਪੁੱਤ੍ਰ ਅਫਰੋਨ ਦੀ ਪੈਲੀ ਵਿੱਚ ਜਿਹੜਾ ਮਮਰੇ ਦੇ ਸਾਹਮਣੇ ਹੈ ਦੱਬ ਦਿੱਤਾ
10 ਉਸ ਪੈਲੀ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਈ ਸੀ ਉੱਥੇ ਅਬਾਰਾਹਮ ਅਤੇ ਉਸ ਦੀ ਤੀਵੀਂ ਸਾਰਾਹ ਦੱਬੇ ਗਏ ਸਨ
11 ਤਾਂ ਐਉਂ ਕਿ ਅਬਾਰਾਹਮ ਦੇ ਮਰਨ ਦੇ ਪਿੱਛੋਂ ਪਰਮੇਸ਼ੁਰ ਨੇ ਉਸ ਦੇ ਪੁੱਤ੍ਰ ਇਸਹਾਕ ਨੂੰ ਬਰਕਤ ਦਿੱਤੀ ਅਰ ਇਸਹਾਕ ਬਏਰ-ਲਹੀ-ਰੋਈ ਕੋਲ ਜਾ ਟਿਕਿਆ।।
12 ਅਬਰਾਹਾਮ ਦੇ ਪੁੱਤ੍ਰ ਇਸਮਾਏਲ ਦੀ ਇਹ ਕੁਲ ਪੱਤ੍ਰੀ ਹੈ ਜਿਸ ਨੂੰ ਸਾਰਾਹ ਦੀ ਗੋੱਲੀ ਹਾਜਰਾ ਮਿਸਰੀ ਨੇ ਅਬਰਾਹਾਮ ਲਈ ਜਣਿਆ
13 ਏਹ ਇਸਮਾਏਲ ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੀ ਕੁਲਪੱਤ੍ਰੀ ਦੇ ਨਾਮਾਂ ਦੇ ਅਨੁਸਾਰ। ਇਸਮਾਏਲ ਦੇ ਪਲੌਠੀ ਦਾ ਨਬਾਯੋਤ ਅਰ ਕੇਦਾਰ ਅਰ ਅਦਬਏਲ ਅਰ ਮਿਬਸਾਮ ਸਨ
14 ਅਰ ਮਿਸਮਾ ਅਰ ਦੂਮਾਹ ਅਰ ਮਸ਼ਾ
15 ਹਦਦ ਅਰ ਤੇਮਾ ਅਰ ਯਟੂਰ ਨਾਫੀਸ ਅਰ ਕੇਦਮਾਹ
16 ਏਹ ਇਸਮਾਏਲ ਦੇ ਪੁੱਤ੍ਰ ਸਨ ਅਰ ਏਹ ਉਨ੍ਹਾਂ ਦੇ ਨਾਉਂ ਉਨ੍ਹਾਂ ਦੇ ਪਿੰਡਾਂ ਅਰ ਉਨ੍ਹਾਂ ਦੀਆਂ ਗੜ੍ਹੀਆਂ ਦੇ ਅਨੁਸਾਰ ਹਨ ਅਰਥਾਤ ਬਾਰਾਂ ਸਰਦਾਰ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਸਨ
17 ਏਹ ਇਸ਼ਮਾਏਲ ਦੇ ਜੀਵਨ ਦੇ ਵਰਹੇ ਇੱਕ ਸੌ ਸੈਂਤੀ ਸਨ ਤਾਂ ਉਹ ਪ੍ਰਾਣ ਤਿਆਗਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ
18 ਓਹ ਹਵੀਲਾਹ ਤੋਂ ਲੈਕੇ ਸ਼ੁਰ ਤੀਕ ਜਿਹੜਾ ਤੇਰੇ ਅੱਸੂਰ ਵੱਲ ਜਾਂਦਿਆਂ ਮਿਸਰ ਦੇ ਸਨਮੁਖ ਹੈ ਵੱਸਦੇ ਸਨ ਅਰ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ ਟਿਕੇ ਰਹੇ।।
19 ਏਹ ਅਬਰਾਹਾਮ ਦੇ ਪੁੱਤ੍ਰ ਇਸਹਾਕ ਦੀ ਕੁਲਪੱਤ੍ਰੀ ਹੈ। ਅਬਾਰਾਹਮ ਤੋਂ ਇਸਹਾਕ ਜੰਮਿਆਂ
20 ਅਤੇ ਇਸਹਾਕ ਚਾਲੀਆਂ ਵਰਿਹਾਂ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ ਜਿਹੜੀ ਬਥੂਏਲ ਪਦਨ ਅਰਾਮ ਦੇ ਅਰਾਮੀ ਦੀ ਧੀ ਅਰ ਲਾਬਾਨ ਅਰਾਮੀ ਦੀ ਭੈਣ ਸੀ
21 ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂਜੋ ਉਹ ਬਾਂਜ ਸੀ ਤਾਂ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਰ ਰਿਬਕਾਹ ਉਸ ਦੀ ਪਤਨੀ ਗਰਭਵੰਤੀ ਹੋਈ
22 ਅਰ ਉਹ ਦੇ ਵਿੱਚ ਬੱਚੇ ਇੱਕ ਦੂਜੇ ਨਾਲ ਘੁਲਦੇ ਸਨ ਅਤੇ ਉਸ ਆਖਿਆ, ਜੇਕਰ ਏਹ ਐਉਂ ਹੈ ਤਾਂ ਮੈਂ ਅਜਿਹੀ ਕਿਉਂ ਹਾਂ? ਅਤੇ ਉਹ ਯਹੋਵਾਹ ਕੋਲੋਂ ਪੁੱਛਣ ਗਈ
23 ਤਾਂ ਯਹੋਵਾਹ ਉਹ ਨੂੰ ਆਖਿਆ, ਤੇਰੀ ਕੁੱਖ ਵਿੱਚ ਦੋ ਕੌਮਾਂ ਹਨ ਅਰ ਤੇਰੀ ਕੁੱਖੋਂ ਹੀ ਓਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਰ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਟਹਿਲ ਕਰੇਗਾ।।
24 ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੌੜੇ ਸਨ
25 ਅਤੇ ਜੇਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿੱਕਲਿਆ ਤਾਂ ਉਨ੍ਹਾਂ ਨੇ ਉਹ ਦਾ ਨਾਉਂ ਏਸਾਓ ਰੱਖਿਆ
26 ਉਸ ਦੇ ਮਗਰੋਂ ਉਹ ਦਾ ਭਰਾ ਨਿਕੱਲਿਆ ਅਰ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ ਤਾਂ ਉਸ ਦਾ ਨਾਉਂ ਯਾਕੂਬ ਰੱਖਿਆ ਅਤੇ ਉਨ੍ਹਾਂ ਦੇ ਜਨਮ ਦੇ ਵੇਲੇ ਇਸਹਾਕ ਸੱਠਾਂ ਵਰਿਹਾਂ ਦਾ ਸੀ
27 ਓਹ ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ
28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂਜੋ ਉਹ ਸ਼ਿਕਾਰ ਉਹ ਦੇ ਮੂੰਹ ਪਾਉਂਦਾ ਸੀ ਪਰ ਰਿਬਕਾ ਯਾਕੂਬ ਨੂੰ ਪਿਆਰ ਕਰਦੀ ਸੀ
29 ਤਾਂ ਯਾਕੂਬ ਦਾਲ ਪਕਾਈ ਅਰ ਏਸਾਓ ਰੜ ਵਿੱਚੋਂ ਥੱਕਿਆ ਹੋਇਆ ਆਇਆ
30 ਅਤੇ ਏਸਾਓ ਨੇ ਯਾਕੂਬ ਨੂੰ ਆਖਿਆ ਏਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਦਿਹ ਕਿਉਂਜੋ ਮੈਂ ਥੱਕਿਆ ਹੋਇਆ ਹਾਂ। ਏਸੇ ਕਾਰਨ ਉਸ ਦਾ ਨਾਉਂ ਅਦੋਮ ਪੈ ਗਿਆ
31 ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ
32 ਤਾਂ ਏਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ। ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ?
33 ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸੌਂਹ ਖਾਹ ਤਾਂ ਓਸ ਸੌਂਹ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਬੇਚ ਦਿੱਤਾ
34 ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×