Bible Versions
Bible Books

James 2 (PAV) Punjabi Old BSI Version

1 ਹੇ ਮੇਰੇ ਭਰਾਵੋ, ਸਾਡੇ ਪਰਤਾਪਵਾਨ ਪ੍ਰਭੁ ਯਿਸੂ ਮਸੀਹ ਦੀ ਨਿਹਚਾ ਨੂੰ ਕਿਸੇ ਦੇ ਪੱਖ ਪਾਤ ਨਾਲ ਨਾ ਰੱਖੋ
2 ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਭੜਕੀਲੇ ਬਸਤਰ ਪਹਿਨੇ ਤੁਹਾਡੀ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ
3 ਅਤੇ ਤੁਸਾਂ ਓਸ ਭੜਕੀਲੇ ਬਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਓਹ ਨੂੰ ਆਖਿਆ, ਐਥੇ ਚੰਗੀ ਤਰਾਂ ਨਾਲ ਬਹਿ ਜਾਓ ਅਤੇ ਉਸ ਗਰੀਬ ਨੂੰ ਕਿਹਾ ਭਈ ਤੂੰ ਉੱਥੇ ਖੜਾ ਰਹੁ ਯਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ
4 ਤਾਂ ਕੀ ਤੁਸਾਂ ਆਪਣਿਆਂ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇॽ
5 ਸੁਣੋ, ਹੇ ਮੇਰੇ ਪਿਆਰੇ ਭਰਾਵੋ, ਕੀ ਪਰਮੇਸ਼ੁਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀॽ
6 ਪਰ ਤੁਸਾਂ ਗਰੀਬ ਦੀ ਪਤ ਲਾਹ ਸੁੱਟੀ! ਭਲਾ, ਧਨਵਾਨ ਤੁਹਾਡੇ ਨਾਲ ਅਨ੍ਹੇਰ ਨਹੀਂ ਕਰਦੇॽ ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇॽ
7 ਭਲਾ, ਏਹੋ ਨਹੀਂ ਜਿਹੜੇ ਉਸ ਉੱਤਮ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫ਼ਰ ਬੱਕਦੇ ਹਨॽ
8 ਪਰ ਤਾਂ ਵੀ ਜੇ ਤੁਸੀਂ ਓਸ ਸ਼ਾਹੀ ਹੁਕਮ ਨੂੰ ਪੂਰਿਆਂ ਕਰਦੇ ਹੋ ਜਿਵੇਂ ਧਰਮ ਪੁਸਤਕ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ, ਤਾਂ ਭਲਾ ਕਰਦੇ ਹੋ
9 ਪਰ ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ
10 ਜੋ ਕੋਈ ਸਾਰੀ ਸ਼ਰਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ
11 ਕਿਉਂਕਿ ਜਿਹ ਨੇ ਆਖਿਆ ਭਈ ਜ਼ਨਾਹ ਨਾ ਕਰ, ਉਹ ਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜ਼ਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰਾ ਦਾ ਉਲੰਘਣ ਕਰਨ ਵਾਲਾ ਹੋਇਆ
12 ਤੁਸੀਂ ਇਉਂ ਬੋਲੋ ਅਤੇ ਇਉਂ ਕੰਮ ਕਰੋ ਜਿਵੇਂ ਓਹ ਜਿਨ੍ਹਾਂ ਦਾ ਨਿਆਉਂ ਅਜ਼ਾਦੀ ਦੀ ਸ਼ਰਾ ਨਾਲ ਹੋਣਾ ਹੈ
13 ਕਿਉਂਕਿ ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ। ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।।
14 ਹੇ ਮੇਰੇ ਭਰਾਵੋ, ਜੇ ਕੋਈ ਆਖੇ ਭਈ ਮੈਨੂੰ ਨਿਹਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆॽ ਭਲਾ, ਇਹ ਨਿਹਚਾ ਉਹ ਨੂੰ ਬਚਾ ਸੱਕਦੀ ਹੈॽ
15 ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ
16 ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁੱਖ ਸਾਂਦ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆॽ
17 ਇਸੇ ਪਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ
18 ਪਰ ਕੋਈ ਆਖੇਗਾ ਭਈ ਤੇਰੇ ਕੋਲ ਨਿਹਚਾ ਹੈ ਅਤੇ ਮੇਰੇ ਕੋਲ ਅਮਲ ਹਨ ਤੂੰ ਆਪਣੀ ਨਿਹਚਾ ਅਮਲਾਂ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨਿਹਚਾ ਵਿਖਾਵਾਂਗਾ
19 ਤੂੰ ਨਿਹਚਾ ਰੱਖਦਾ ਹੈਂ ਜੋ ਪਰਮੇਸ਼ੁਰ ਇੱਕੋ ਹੈ। ਇਹ ਤੂੰ ਅੱਛਾ ਕਰਦਾ ਹੈ ਭੂਤ ਇਹੋ ਨਿਹਚਾ ਕਰਦੇ ਹਨ ਅਤੇ ਕੰਬਦੇ ਹਨ
20 ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਜਾਣਿਆ ਚਾਹੁੰਦਾ ਹੈਂ ਭਈ ਅਮਲਾਂ ਬਾਝੋਂ ਨਿਹਚਾ ਅਕਾਰਥ ਹੈॽ
21 ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹ ਨੇ ਆਪਣੇ ਪੁੱਤ੍ਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ੍ਹ ਦਿੱਤਾॽ
22 ਤੂੰ ਵੇਖਦਾ ਹੈਂ ਭਈ ਨਿਹਚਾ ਉਹ ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ
23 ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਸ ਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ
24 ਤੁਸੀਂ ਵੇਖਦੇ ਹੋ ਭਈ ਮਨੁੱਖ ਨਿਰੀ ਨਿਹਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਇਆ ਜਾਂਦਾ ਹੈ
25 ਅਤੇ ਓਸੇ ਪਰਕਾਰ ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾॽ
26 ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×