Bible Versions
Bible Books

Isaiah 13 (PAV) Punjabi Old BSI Version

1 ਬਾਬਲ ਦਾ ਅਗੰਮ ਵਾਕ ਜਿਹ ਨੂੰ ਆਮੋਸ ਦੇ ਪੁੱਤ੍ਰ ਯਸਾਯਾਹ ਨੇ ਦਰਸਣ ਵਿੱਚ ਪਾਇਆ, -
2 ਨੰਗੇ ਪਰਬਤ ਉੱਤੇ ਝੰਡਾ ਖੜਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ! ਹੱਥ ਨਾਲ ਸੈਨਤ ਮਾਰੋ, ਭਈ ਓਹ ਪਤਵੰਤਾਂ ਦੇ ਦਰਵੱਜਿਆਂ ਵਿੱਚ ਵੜਨ!
3 ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਮੇਰੇ ਹੰਕਾਰੀ ਅਭਮਾਨੀਆਂ ਨੂੰ।
4 ਪਹਾੜਾਂ ਉੱਤੇ ਇੱਕ ਰੌਲੇ ਦੀ ਅਵਾਜ਼, ਜਿਵੇਂ ਵੱਡੀ ਭੀੜ ਦੀ, ਕੌਮਾਂ ਦੀਆਂ ਪਾਤਸ਼ਾਹੀਆਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਜੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!
5 ਉਹ ਦੂਰ ਦੇਸ ਤੋਂ ਅਕਾਸ਼ ਦੇ ਆਖਰ ਤੋਂ ਲੱਗੇ ਆਉਂਦੇ ਹਨ, ਯਹੋਵਾਹ ਅਤੇ ਉਹ ਦੇ ਗ਼ਜ਼ਬ ਦੇ ਸ਼ਸਤਰ, ਭਈ ਸਾਰੀ ਧਰਤੀ ਨੂੰ ਨਾਸ ਕਰਨ!।।
6 ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆਵੇਗਾ।
7 ਏਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਢਲ ਜਾਵੇਗਾ।
8 ਓਹ ਘਬਰਾ ਜਾਣਗੇ, ਤ੍ਰਾਟਾਂ ਤੇ ਕਸ਼ਟ ਉਨ੍ਹਾਂ ਨੂੰ ਫੜ ਲੈਣਗੇ, ਓਹ ਜਣਨ ਵਾਲੀ ਤੀਵੀਂ ਵਾਂਙੁ ਪੀੜ ਵਿੱਚ ਹੋਣਗੇ, ਓਹ ਹੱਕੇ ਬੱਕੇ ਹੋ ਕੇ ਇੱਕ ਦੂਜੇ ਨੂੰ ਤੱਕਣਗੇ, ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।।
9 ਵੇਖੋ, ਯਹੋਵਾਹ ਦਾ ਦਿਨ ਆਉਂਦਾ ਹੈ, ਨਿਰਦਾਈ, ਕਹਿਰ ਅਤੇ ਤੇਜ ਕ੍ਰੋਧ ਨਾਲ, ਭਈ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।
10 ਅਕਾਸ਼ ਦੇ ਤਾਰੇ ਅਤੇ ਉਹ ਦੀਆਂ ਖਿੱਤੀਆਂ, ਆਪਣਾ ਚਾਨਣ ਨਾ ਦੇਣਗੀਆਂ, ਸੂਰਜ ਚੜ੍ਹਦਿਆਂ ਸਾਰ ਅਨ੍ਹੇਰਾ ਹੋ ਜਾਵੇਗਾ, ਅਤੇ ਚੰਦ ਆਪਣਾ ਚਾਨਣ ਪਰਕਾਸ਼ ਨਾ ਕਰੇਗਾ।
11 ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ, ਮੈਂ ਮਗਰੂਰਾਂ ਦੇ ਹੰਕਾਰ ਦਾ ਅੰਤ ਕਰ ਦਿਆਂਗਾ, ਅਤੇ ਨਿਰਦਈਆਂ ਦੇ ਘੁਮੰਡ ਨੂੰ ਹੇਠਾਂ ਕਰਾਂਗਾ।
12 ਮੈਂ ਮਨੁੱਖ ਨੂੰ ਕੁੱਦਨ ਸੋਨੇ ਨਾਲੋਂ, ਅਤੇ ਇਨਸਾਨ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ।
13 ਏਸ ਲਈ ਮੈਂ ਅਕਾਸ਼ ਨੂੰ ਕਾਂਬਾ ਲਾਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਵਿੱਚ।
14 ਤਾਂ ਐਉਂ ਹੋਵੇਗਾ ਕਿ ਭੁੱਲੀ ਹਰਨੀ ਵਾਂਙੁ, ਅਤੇ ਭੇਡ ਜਿਹ ਦਾ ਪਾਲੀ ਨਹੀਂ, ਹਰ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ, ਅਰ ਹਰ ਮਨੁੱਖ ਆਪਣੇ ਦੇਸ ਨੂੰ ਭੱਜੇਗਾ
15 ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ, ਹਰੇਕ ਜਿਹੜਾ ਫੜਿਆ ਜਾਵੇ ਤਲਵਾਰ ਨਾਲ ਡਿੱਗੇਗਾ।
16 ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ ਜਾਣਗੇ, ਉਨ੍ਹਾਂ ਦੇ ਘਰ ਲੁੱਟੇ ਜਾਣਗੇ, ਅਤੇ ਉਨ੍ਹਾਂ ਦੀਆਂ ਤੀਵੀਆਂ ਬੇਪਤ ਕੀਤੀਆਂ ਜਾਣਗੀਆਂ।।
17 ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ।
18 ਉਨ੍ਹਾਂ ਦੇ ਧਣੁਖ ਜੁਆਨਾਂ ਦੇ ਕੁਤਰੇ ਕਰਨਗੇ, ਓਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ।
19 ਬਾਬਲ ਜੋ ਪਾਤਸ਼ਾਹੀਆਂ ਦੀ ਸਜ਼ਾਵਟ, ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ।
20 ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।
21 ਪਰ ਉਜਾੜ ਦੇ ਦਰਿੰਦੇ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਭੌਂਕਣ ਵਾਲਿਆਂ ਨਾਲ ਭਰੇ ਹੋਣਗੇ, ਸ਼ੁਤਰ-ਮੁਰਗ ਉੱਥੇ ਵੱਸਣਗੇ, ਅਤੇ ਬਣ ਬੱਕਰੇ ਉੱਥੇ ਨੱਚਣਗੇ।
22 ਬਿੱਜੂ ਉਨ੍ਹਾਂ ਦੇ ਖੋਲਿਆਂ ਵਿੱਚ, ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹੱਲਾਂ ਵਿੱਚ ਹਵਾਉਂਕਣਗੇ। ਉਹ ਦਾ ਸਮਾ ਨੇੜੇ ਗਿਆ, ਉਹ ਦੇ ਦਿਨ ਲੰਮੇ ਨਾ ਹੋਣਗੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×