Bible Versions
Bible Books

Job 33 (PAV) Punjabi Old BSI Version

1 ਏਸ ਲਈ ਹੇ ਅੱਯੂਬ ਜ਼ਰਾ ਮੇਰਾ ਬੋਲਣਾ ਸੁਣ ਲੈ, ਅਤੇ ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ!
2 ਵੇਖ ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਮੇਰੇ ਮੂੰਹ ਵਿੱਚ ਬੋਲਦੀ ਹੈ,
3 ਮੇਰਾ ਕੂਣਾ ਮੇਰੇ ਦਿਲ ਦੀ ਸਿਧਿਆਈ ਨੂੰ ਦੱਸੂਗਾ, ਅਤੇ ਮੇਰੇ ਬੁੱਲ੍ਹਾਂ ਦੇ ਗਿਆਨ ਨੂੰ ਉਹ ਸਫਾਈ ਨਾਲ ਬੋਲਣਗੇ।
4 ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਾਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਉਂਦਿਆਂ ਕੀਤਾ।
5 ਜੇ ਤੂੰ ਉੱਤਰ ਦੇ ਸੱਕਦਾ ਹੈ ਤਾਂ ਦੇਹ, ਮੇਰੇ ਸਨਮੁਖ ਬਣ ਸਜ ਕੇ ਕਾਇਮ ਹੋ ਜਾਹ!
6 ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹਾਂ, ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ।
7 ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਾ ਪਊਗਾ, ਮੇਰਾ ਦਾਬਾ ਤੇਰੇ ਉੱਤੇ ਭਾਰੀ ਨਾ ਹੋਊਗਾ।
8 ਸੱਚ ਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ,
9 ਭਈ ਮੈਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਤੇ ਨਿਰਦੋਸ਼ ਹਾਂ।
10 ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ।
11 ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ।
12 ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਏਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ ।।
13 ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈ? ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ!
14 ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਉਹ ਉਹ ਦੀ ਪਰਵਾਹ ਨਹੀਂ ਕਰਦਾ।
15 ਸੁਫ਼ਨੇ ਵਿੱਚ ਰਾਤ ਦੀ ਦਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ, ਅਤੇ ਜਦ ਓਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ,
16 ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਨ੍ਹਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਹੈ,
17 ਭਈ ਆਦਮੀ ਨੂੰ ਉਸਦੇ ਕੰਮਾਂ ਤੋਂ ਰੋਕੇ, ਅਤੇ ਮਰਦ ਤੋਂ ਹੰਕਾਰ ਨੂੰ ਲੁਕਾਵੇ।
18 ਉਹ ਉਸ ਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ, ਅਤੇ ਉਸ ਦੀ ਹਯਾਤੀ ਨੂੰ ਤਲਵਾਰ ਨਾਲ ਨਾਸ ਹੋਂਣ ਤੋਂ
19 ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਨਿੱਤ ਦੀ ਅਣ ਬਣ ਨਾਲ ਵੀ।
20 ਉਹ ਦੀ ਹਯਾਤੀ ਰੋਟੀ ਤੋਂ ਸੂਗਦੀ ਹੈ, ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ।
21 ਉਸ ਦਾ ਮਾਸ ਬਰਬਾਦ ਹੋ ਜਾਂਦਾ ਹੈ ਅਤੇ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ!
22 ਉਸ ਦੀ ਜਾਨ ਟੋਏ ਦੇ ਨੇੜੇ ਗਈ ਹੈ, ਅਤੇ ਉਸ ਦੀ ਹਯਾਤੀ ਮੌਤ ਲਿਆਉਣ ਵਾਲਿਆਂ ਦੇ
23 ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ, ਹਜਾਰਾਂ ਵਿੱਚੋਂ ਇੱਕ ਅਰਥ ਕਰਨ ਵਾਲਾ, ਉਹ ਦੱਸੇ ਭਈ ਆਦਮੀ ਦੇ ਲਈ ਠੀਕ ਕੀ ਹੈ।
24 ਤਾਂ ਉਹ ਉਸ ਤੇ ਦਯਾ ਕਰਦਾ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸਚਿਤ ਮਿਲ ਗਿਆ ਹੈ।
25 ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।
26 ਉਹ ਪਰਮੇਸ਼ੁਰ ਅੱਗੇ ਅਰਦਾਸ ਕਰੂਗਾ ਅਤੇ ਉਹ ਉਸ ਨੂੰ ਕਬੂਲ ਕਰੂਗਾ, ਉਹ ਖ਼ੁਸ਼ੀ ਨਾਲ ਉਹ ਦਾ ਮੂੰਹ ਵੇਖੂਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਊਗਾ।
27 ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਕਹਿਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ, ਪਰ ਮੈਨੂੰ ਕੁੱਝ ਭਰਨਾ ਨਾ ਪਿਆ।
28 ਉਹ ਨੇ ਮੇਰੀ ਜਾਨ ਨੂੰ ਟੋਏ ਵਿੱਚ ਲੰਘਣ ਤੋਂ ਬਚਾਇਆ, ਮੇਰੀ ਹਯਾਤੀ ਚਾਨਣਾ ਵੇਖੂਗੀ!
29 ਵੇਖ, ਏਹ ਸਾਰੇ ਕੰਮ ਪਰਮੇਸ਼ੁਰ ਕਰਦਾ ਹੈ, ਉਹ ਮਰਦ ਨਾਲ ਦੋ ਵਾਰ ਸਗੋਂ ਤਿੰਨ ਵਾਰ ਵੀ,
30 ਉਸ ਦੀ ਜਾਨ ਨੂੰ ਟੋਏ ਵਿੱਚੋਂ ਮੋੜ ਲੈ ਆਵੇ, ਤਾਂ ਜੋ ਉਹ ਜੀਉਂਦਿਆਂ ਦੇ ਚਾਨਣ ਨਾਲ ਪਰਕਾਸ਼ਤ ਹੋਵੇ।
31 ਹੇ ਅੱਯੂਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ!
32 ਜੇ ਤੈਂ ਕੁੱਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇਹ, ਬੋਲ, ਕਿਉਂ ਜੋ ਮੈਂ ਤੈਨੂੰ ਧਰਮੀ ਠਹਿਰਾਉਣਾ ਚਾਹੁੰਦਾ ਹਾਂ।
33 ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਸਿਖਾਵਾਂਗਾ! ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×