Bible Versions
Bible Books

Proverbs 30 (PAV) Punjabi Old BSI Version

1 ਯਾਕਹ ਦੇ ਪੁੱਤ੍ਰ ਦੀਆਂ ਗੱਲਾਂ ਦਾ ਅਗੰਮ ਵਾਕ, - ਉਹ ਪੁਰਸ਼ ਈਥੀਏਲ, ਹਾਂ, ਈਥੀਏਲ ਅਤੇ ਉੱਕਾਲ ਨੂੰ ਆਖਦਾ, -
2 ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸੂ ਵੱਤ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ,
3 ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿਤਰ ਪੁਰਖ ਦਾ ਗਿਆਨ ਹੈ।
4 ਅਕਾਸ਼ ਉੱਤੇ ਕੌਣ ਚੜ੍ਹਿਆ ਅਤੇ ਫੇਰ ਹੇਠਾਂ ਉਤਰਿਆॽ ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆॽ ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨ੍ਹਿਆॽ ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏॽ ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤ੍ਰ ਦਾ ਕੀ ਨਾਮ ਹੈॽ - ਜੇ ਤੂੰ ਜਾਣਦਾ ਹੈਂ!।।
5 ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਓਹਨਾਂ ਦੀ ਢਾਲ ਹੈ।
6 ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਤੂੰ ਝੂਠਾ ਨਿੱਕਲੇਂ।।
7 ਮੈਂ ਤੈਥੋਂ ਦੋ ਪਦਾਰਥ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਓਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।
8 ਮਿੱਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰ ਦੇਹ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ,
9 ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ਯਹੋਵਾਹ ਕੌਣ ਹੈॽ ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਭੰਡੀ ਕਰਾਂ।।
10 ਟਹਿਲੀਏ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਮਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ।।
11 ਅਜੇਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ।
12 ਅਜੇਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ।
13 ਅਜੇਹੇ ਲੋਕ ਵੀ ਹਨ ਜੋ ਓਹੋ! ਓਹਨਾਂ ਦੀ ਦ੍ਰਿਸ਼ਟ ਕਿਹੀ ਘੁਮੰਡ ਭਰੀ ਹੈ, ਅਤੇ ਓਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ!
14 ਅਜੇਹੇ ਲੋਕ ਵੀ ਹਨ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜ੍ਹਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ।।
15 ਜੋਕ ਦੀਆਂ ਦੋ ਧੀਆਂ ਹਨ ਜੋ ਦਿਓ, ਦਿਓ! ਆਖਦੀਆਂ ਰਹਿੰਦੀਆਂ ਹਨ। ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ।, ਸਗੋਂ ਚਾਰ ਹਨ ਜੋ ਕਦੀ ਬੱਸ ਨਹੀਂ ਆਖਦੀਆਂ, -
16 ਪਤਾਲ ਅਤੇ ਸੰਢ ਦਾ ਗਰਭ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ ਬੱਸ ਨਹੀਂ ਆਖਦੀ।
17 ਜਿਹੜੀ ਅੱਖ ਪਿਉ ਦੀ ਹਾਸੀ ਕਰਦੀ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂਉਂ ਉਹ ਨੂੰ ਪੁੱਟ ਕੱਢਣਗੇ, ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ।।
18 ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ, -
19 ਅਕਾਸ਼ ਵਿੱਚ ਉਕਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਮੁਟਿਆਰ ਨਾਲ ਪੁਰਸ਼ ਦਾ ਵਰਤਾਵਾ।।
20 ਵਿਭਚਾਰਨ ਦਾ ਢੰਗ ਵੀ ਏਹੋ ਹੈ, - ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ।।
21 ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਕਰਕੇ, ਜਿਹੜੀਆਂ ਉਹ ਤੋਂ ਨਹੀਂ ਸਹਾਰੀਦੀਆਂ, -
22 ਦਾਸ ਜਦ ਉਹ ਪਾਤਸ਼ਾਹ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,
23 ਘਿਣਾਉਣੀ ਤੀਵੀਂ ਜਦ ਉਹ ਵਿਆਹੀ ਜਾਵੇ, ਅਤੇ ਗੋੱਲੀ ਜਦ ਉਹ ਆਪਣੀ ਮਾਲਕਣ ਦੀ ਵਾਰਸ ਬਣੇ।।
24 ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ, -
25 ਕੀੜੀਆਂ ਸ਼ਕਤ ਵਾਲੀਆਂ ਤਾਂ ਨਹੀਂ, ਤਾਂ ਵੀ ਉਨ੍ਹਾਂ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ,
26 ਪਹਾੜੀ ਸੈਹੇ ਭਾਵੇਂ ਨਤਾਣੇ ਹਨ, ਪਰ ਚਟਾਨਾਂ ਵਿੱਚ ਆਪਣੇ ਘਰ ਬਣਾਉਂਦੇ ਹਨ,
27 ਸਲਾ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ੍ਹ ਕੇ ਨਿੱਕਲਦੀਆਂ ਹਨ,
28 ਕਿਰਲੀ ਤੂੰ ਹੱਥਾਂ ਵਿੱਚ ਫੜ ਸੱਕਦਾ, ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ।।
29 ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ, -
30 ਇੱਕ ਤਾਂ ਬਬਰ ਸ਼ੇਰ ਜਿਹੜਾ ਸਾਰਿਆਂ ਪਸੂਆਂ ਵਿੱਚੋਂ ਜਰਵਾਣਾ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,
31 ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਪਾਤਸ਼ਾਹ ਜਦ ਸੈਨਾ ਉਹ ਦੇ ਨਾਲ ਹੈ ।।
32 ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਿਆਂ ਕੀਤਾ ਹੈ, ਅਥਵਾ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,
33 ਕਿਉਂ ਜੋ ਦੁੱਧ ਰਿੜਕਣ ਥੀਂ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×