Bible Versions
Bible Books

Isaiah 3 (PAV) Punjabi Old BSI Version

1 ਹੁਣ ਵੇਖੋ! ਪ੍ਰਭੁ, ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
2 ਸੂਰਬੀਰ ਤੇ ਜੋਧਾ, ਨਿਆਈ ਤੇ ਨਬੀ, ਫਾਲ ਪਾਉਣ ਵਾਲਾ ਤੇ ਬਜ਼ੁਰਗ,
3 ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਚਤਰਾ, ਅਤੇ ਚਾਤਰ ਜਾਦੂਗਰ।
4 ਤਾਂ ਮੈਂ ਮੁੰਡੇ ਓਹਨਾਂ ਦੇ ਸਰਦਾਰ ਬਣਾਵਾਂਗਾ, ਅਤੇ ਬੱਚੇ ਓਹਨਾਂ ਦੇ ਉੱਤੇ ਹਕੂਮਤ ਕਰਨਗੇ।
5 ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢੇ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।।
6 ਜਦ ਕੋਈ ਮਨੁੱਖ ਆਪਣੇ ਪਿਉ ਦੇ ਘਰ ਵਿੱਚ ਆਪਣੇ ਭਰਾ ਨੂੰ ਫੜੇ, - ਤੇਰੇ ਕੋਲੋ ਚੰਗਾ ਹੈ, ਤੂੰ ਸਾਡਾ ਮੁਰਹੈਲ ਹੋ, ਅਤੇ ਇਹ ਉਜੜਿਆ ਹੋਇਆ ਢੇਰ ਤੇਰੇ ਹੱਥ ਹੇਠ ਹੋਵੇਗਾ।
7 ਓਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਮੈਨੂੰ ਲੋਕਾਂ ਦਾ ਮੁਰਹੈਲ ਨਾ ਠਹਿਰਾਓ!
8 ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਓਹਨਾਂ ਦੀ ਬੋਲੀ ਤੇ ਓਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਭਈ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਨ।।
9 ਓਹਨਾਂ ਦੇ ਮੁਖੜੇ ਦਾ ਰੂਪ ਓਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਓਹ ਆਪਣੇ ਆਪ ਨੂੰ ਸਦੂਮ ਵਾਂਙੁ ਪਰਗਟ ਕਰਦੇ ਹਨ, ਓਹ ਉਹ ਨੂੰ ਲੁਕਾਉਂਦੇ ਨਹੀਂ, - ਹਾਇ ਓਹਨਾਂ ਦੀ ਜਾਨ ਉੱਤੇ! ਓਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।
10 ਧਰਮੀ ਨੂੰ ਆਖੋ ਕਿ ਭਲਾ ਹੋਵੇਗਾ, ਕਿਉਂ ਜੋ ਓਹ ਆਪਣੇ ਕੰਮਾਂ ਦਾ ਫਲ ਖਾਣਗੇ।
11 ਹਾਇ ਦੁਸ਼ਟ ਤੇ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥਾਂ ਦਾ ਕੀਤਾ ਆਪ ਭੋਗੇਗਾ।
12 ਮੇਰੀ ਪਰਜਾ! ਬੱਚੇ ਓਹਨਾਂ ਨੂੰ ਜਿੱਚ ਕਰਦੇ, ਅਤੇ ਤੀਵੀਆਂ ਓਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ, ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ ।।
13 ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਥਾਂ ਤੇ ਹੈ, ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜਾ ਹੈ
14 ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਦੇ ਸਰਦਾਰਾਂ ਦੇ ਨਿਆਉਂ ਲਈ ਆਵੇਗਾ, ਪਰ ਤੁਸੀਂ ਅੰਗੂਰੀ ਬਾਗ ਚੱਟ ਲਿਆ ਹੈ, ਮਸਕੀਨਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।
15 ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਮਸਕੀਨਾਂ ਦੇ ਮੂੰਹ ਰਗੜਦੇ ਹੋ? ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ।।
16 ਯਹੋਵਾਹ ਐਉਂ ਆਖਦਾ ਹੈ, ਏਸ ਲਈ ਭਈ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ ਠੁਮਕ ਚਾਲ ਚੱਲਦੀਆਂ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,
17 ਹੁਣ ਪ੍ਰਭੁ ਸੀਯੋਨ ਦੀਆਂ ਧੀਆਂ ਦਾ ਤਾਲੂ ਗੰਜਾ ਕਰ ਸੁੱਟੇਗਾ, ਅਤੇ ਯਹੋਵਾਹ ਓਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।
18 ਓਸ ਦਿਨ ਪ੍ਰਭੁ ਓਹਨਾਂ ਦੀਆਂ ਪਜੇਬਾਂ ਦੀ ਸਜ਼ਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,
19 ਝੁਮਕੇ, ਛਣਕੰਗਨ, ਘੁੰਡ,
20 ਨਾਲੇ ਚੌਂਕ, ਕੰਗਣ, ਪਟਕੇ, ਅਤਰਤਾਨੀਆਂ, ਚੌਂਕੀਆਂ,
21 ਅਤੇ ਮੁੰਦਰੀਆਂ ਤੇ ਨੱਥਾਂ,
22 ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,
23 ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, -
24 ਅਤੇ ਐਉਂ ਹੋਵੇਗਾ ਕਿ ਸੁਗੰਧ ਦੇ ਥਾਂ ਸੜ੍ਹਿਆਂਧ ਹੋਵੇਗੀ, ਪਟਕੇ ਦੇ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ।।
25 ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਜੁੱਧ ਵਿੱਚ ਡਿੱਗਣਗੇ।
26 ਉਹ ਦੇ ਦਰਵੱਜੇ ਵਿਰਲਾਪ ਤੇ ਸੋਗ ਕਰਨਗੇ, ਅਤੇ ਲੁੱਟ ਪੁੱਟ ਹੋ ਕੇ ਉਹ ਭੂੰਞੇਂ ਬੈਠੇਗੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×