Bible Versions
Bible Books

Proverbs 1 (PAV) Punjabi Old BSI Version

1 ਦਾਊਦ ਦੇ ਪੁੱਤ੍ਰ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਉਤਾਂ, -
2 ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ,
3 ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼ ਵੀ,
4 ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਣ ਲਈ,
5 ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,
6 ਭਈ ਓਹ ਕਹਾਉਤਾਂ ਤੇ ਦ੍ਰਿਸ਼ਟਾਂਤਾ, ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।।
7 ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ।
8 ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ,
9 ਕਿਉਂ ਜੋ ਓਹ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ, ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ।
10 ਹੇ ਮੇਰੇ ਪੁੱਤ੍ਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਨਾ ਮੰਨੀ।
11 ਜੇ ਓਹ ਆਖਣ ਭਈ ਸਾਡੇ ਨਾਲ ਚੱਲ, ਅਸੀਂ ਖੂਨ ਕਰਨ ਨੂੰ ਦਾਉ ਲਾਈਏ, ਆਪਾਂ ਨਹੱਕ ਬਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ,
12 ਅਸੀਂ ਓਹਨਾਂ ਨੂੰ ਪਤਾਲ ਵਾਂਙੁ ਜੀਉਂਦਾ ਭੱਛ ਲਈਏ, ਅਤੇ ਸਾਬਤਾ, ਓਹਨਾਂ ਵਾਂਙੁ ਜੋ ਟੋਏ ਵਿੱਚ ਉਤਰਦੇ ਹਨ!
13 ਸਾਨੂੰ ਸਭ ਪਰਕਾਰ ਦੇ ਅਣਮੁੱਲ ਪਦਾਰਥ ਮਿਲਨਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ!
14 ਸਾਡੇ ਵਿੱਚ ਹੀ ਆਪਣਾ ਗੁਣਾ ਪਾ ਲੈ, ਸਾਡੀ ਸਭਨਾਂ ਦੀ ਇੱਕੋ ਥੈਲੀ ਹੋਊ।
15 ਹੇ ਮੇਰੇ ਪੁੱਤ੍ਰ, ਤੂੰ ਉਨ੍ਹਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ,
16 ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਵੱਲ ਨੱਠਦੇ, ਅਤੇ ਖ਼ੂਨ ਕਰਨ ਨੂੰ ਫੁਰਤੀ ਕਰਦੇ ਹਨ!
17 ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ।
18 ਓਹ ਆਪਣਾ ਹੀ ਖ਼ੂਨ ਕਰਨ ਲਈ ਦਾਉ ਲਾਉਂਦੇ ਹਨ, ਓਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਘਾਤ ਵਿੱਚ ਬੈਠਦੇ ਹਨ।
19 ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ।।
20 ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਕਾਂ ਵਿੱਚ ਹਾਕਾਂ ਮਾਰਦੀ ਹੈ।
21 ਉਹ ਬਜ਼ਾਰਾਂ ਦਿਆਂ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰਾਂ ਵਿੱਚ ਏਹ ਗੱਲਾਂ ਕਰਦੀ ਹੈ, -
22 ਹੇ ਭੋਲਿਓ, ਤੁਸੀਂ ਕਦੋਂ ਤਾਈ ਭੋਲੇਪਣ ਨਾਲ ਪ੍ਰੀਤ ਪਾਲੋਗੇॽ ਅਤੇ ਮਖੌਲੀਏ ਆਪਣੇ ਮਖੌਲਾਂ ਤੋਂ ਪਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇॽ
23 ਮੇਰੀ ਤਾੜ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ।
24 ਮੈਂ ਤਾਂ ਆਵਾਜ਼ ਮਾਰੀ ਪਰ ਤੁਸਾਂ ਆਖਾ ਨਾ ਮੰਨਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,
25 ਸਗੋਂ ਤੁਸਾਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ।
26 ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ, ਅਤੇ ਜਦ ਤੁਹਾਡੇ ਉੱਤੇ ਭੈ ਪਵੇਗਾ ਤਾਂ ਮੈਂ ਠੱਠਾ ਮਾਰਾਂਗੀ,
27 ਜਿਸ ਵੇਲੇ ਝੱਖੜ ਝੋਲੇ ਵਾਂਗਰ ਤੁਹਾਡੇ ਉੱਤੇ ਭੈ ਪਵੇਗਾ, ਅਤੇ ਵਾਵਰੋਲੇ ਦੀ ਨਿਆਈਂ ਤੁਹਾਡੇ ਉੱਤੇ ਬਿਪਤਾ ਪਵੇਗੀ, ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,
28 ਉਸ ਵੇਲੇ ਓਹ ਮੇਰੀਆਂ ਦੁਹਾਈਆਂ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ, ਓਹ ਮਨੋਂ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29 ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ, ਅਤੇ ਯਹੋਵਾਹ ਦਾ ਭੈ ਪਸੰਦ ਨਾ ਕੀਤਾ,
30 ਉਨ੍ਹਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ, ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ,
31 ਏਸ ਲਈ ਓਹ ਆਪਣੀ ਕਰਨੀ ਦਾ ਫਲ ਭੋਗਣਗੇ, ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,
32 ਕਿਉਂ ਜੋ ਭੋਲੇ ਫਿਰ ਜਾਣ ਕਰਕੇ ਮਾਰੇ ਜਾਣਗੇ, ਅਤੇ ਮੂਰਖਾਂ ਦੀ ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ।
33 ਪਰ ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×