Bible Versions
Bible Books

Proverbs 26 (PAV) Punjabi Old BSI Version

1 ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
2 ਜਿਵੇਂ ਚਿੜੀ ਭੌਂਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ ਮਲੀ ਦਾ ਸਰਾਪ ਨਹੀਂ ਪੈਂਦਾ।
3 ਘੋੜੇ ਦੇ ਲਈ ਚਾਬਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਛਿਟੀ ਹੁੰਦੀ ਹੈ।
4 ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇਹ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।
5 ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇਹ, ਕਿਤੇ ਉਹ ਆਪਣੇ ਲੇਖੇ ਬੁੱਧਵਾਨ ਨਾ ਬਣ ਬੈਠੇ।
6 ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰਾ ਵੱਢਦਾ ਅਤੇ ਵਿੱਸ ਪੀਂਦਾ ਹੈ।
7 ਜਿਵੇਂ ਲੰਙੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
8 ਜਿਵੇਂ ਗੋਪੀਏ ਵਿੱਚ ਪੱਥਰ ਬੰਨ੍ਹਣਾਂ, ਤਿਵੇਂ ਮੂਰਖ ਨੂੰ ਆਦਰ ਦੇਣਾ ਹੈ,
9 ਜਿਵੇਂ ਸ਼ਰਾਬੀ ਦੇ ਹੱਥ ਵਿੱਚ ਸੂਲ ਚੁੱਭਦੀ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
10 ਜਿਵੇਂ ਤੀਰ ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜੂਰੀ ਤੇ ਲਾਉਂਦਾ ਹੈ।
11 ਜਿਵੇਂ ਕੁੱਤਾ ਆਪਣੀ ਕੈ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।
12 ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈॽ ਉਹ ਦੇ ਨਾਲੋਂ ਮਰੂਖ ਲਈ ਵਧੇਰੀ ਆਸ ਹੈ!
13 ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੀਂਹ ਹੈ, ਗਲੀਆਂ ਵਿੱਚ ਬਬਰ ਸ਼ੇਰ ਹੈ!
14 ਜਿਵੇਂ ਕਿਵਾੜ ਚੀਥੀ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।
15 ਆਸਲੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤਾਈਂ ਲਿਆਉਣ ਨਾਲ ਉਹ ਥੱਕ ਜਾਂਦਾ ਹੈ।
16 ਆਸਲੀ ਆਪਣੀ ਨਿਗਾਹ ਵਿੱਚ ਓਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ ਬੁੱਧਵਾਨ ਹੈ।
17 ਜਿਹੜਾ ਰਾਹ ਤੁਰਦੀਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।
18 ਜਿਵੇਂ ਸੁਦਾਈ ਚੁਆਤੀਆਂ, ਬਾਣ ਅਤੇ ਮੌਤ ਸੁੱਟਦਾ ਹੈ,
19 ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨਾਲ ਛਲ ਖੇਡ ਕੇ ਆਖਦਾ ਹੈ, ਭਲਾ, ਮੈਂ ਹਾਸੀ ਨਹੀਂ ਸੀ ਕਰਦਾॽ
20 ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਫੁਸ ਫੁਸੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ।
21 ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਸੁਲਗਾਉਣ ਲਈ ਝਾਗੜੂ ਮਨੁੱਖ ਹੁੰਦਾ ਹੈ।
22 ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
23 ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ, ਤਿਵੇਂ ਬਲਦੇ ਬੁੱਲ੍ਹ ਅਤੇ ਬੁਰਾ ਦਿਲ ਹੈ।
24 ਵੈਰੀ ਆਪਣੇ ਬੁੱਲ੍ਹਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ।
25 ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ ਦੀ ਪਰਤੀਤ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ।
26 ਭਾਵੇਂ ਉਹ ਦਾ ਵੈਰ ਮਕਰ ਨਾਲ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ।
27 ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜ੍ਹਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ।
28 ਝੂਠੀ ਜੀਭ ਓਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×