Bible Versions
Bible Books

Jeremiah 17 (PAV) Punjabi Old BSI Version

1 ਯਹੂਦਾਹ ਦਾ ਪਾਪ ਲੋਹੇ ਦੀ ਲਿੱਖਣ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਓਹਨਾਂ ਦੇ ਦਿਲ ਦੀ ਪੱਟੀ ਉੱਤੇ ਅਤੇ ਤੁਹਾਡੀਆਂ ਜਗਵੇਦੀਆਂ ਦੇ ਸਿੰਙਾਂ ਉੱਤੇ ਉੱਕਰਿਆ ਗਿਆ
2 ਓਹਨਾਂ ਦੇ ਪੁੱਤ੍ਰ ਹਰੇ ਬਿਰਛਾਂ ਕੋਲ ਪਹਾੜੀਆਂ ਉੱਤੇ ਅਤੇ ਉੱਚਿਆਈਆਂ ਉੱਤੇ ਓਹਨਾਂ ਦੀਆਂ ਜਗਵੇਦੀਆਂ ਅਤੇ ਟੁੰਡਾਂ ਨੂੰ ਚੇਤੇ ਕਰਦੇ ਹਨ
3 ਹੇ ਖੇਤ ਵਿਚਲੇ ਮੇਰੇ ਪਹਾੜ, ਤੇਰਾ ਮਾਲ ਅਤੇ ਤੇਰੇ ਸਾਰੇ ਖ਼ਜ਼ਾਨੇ, ਤੇਰੇ ਉੱਚੇ ਅਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ
4 ਤੂੰ ਆਪ ਹੀ ਆਪਣੀ ਮਿਰਾਸ ਨੂੰ ਜਿਹੜੀ ਮੈਂ ਤੈਨੂੰ ਦਿੱਤੀ ਛੱਡ ਦੇਵੇਂਗਾ ਅਤੇ ਉਸ ਦੇਸ ਵਿੱਚ ਜਿਹ ਨੂੰ ਤੂੰ ਨਹੀਂ ਜਾਣਦਾ ਮੈਂ ਤੈਥੋਂ ਤੇਰੇ ਵੈਰੀਆਂ ਦੀ ਟਹਿਲ ਕਰਾਵਾਂਗਾ ਕਿਉਂ ਜੋ ਤੁਸਾਂ ਮੇਰੇ ਕ੍ਰੋਧ ਦੀ ਅੱਗ ਭੜਕਾਈ ਹੈ ਜਿਹੜੀ ਸਦਾ ਬਲਦੀ ਰਹੇਗੀ।।
5 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ!
6 ਓਹ ਥਲ ਦੇ ਰਤਮੇਂ ਵਾਂਙੁ ਹੈ, ਉਹ ਕੋਈ ਭਲਿਆਈ ਆਉਂਦੀ ਨਾ ਵੇਖੇਗਾ, ਉਹ ਉਜਾੜ ਦੇ ਸੜੇ ਹੋਏ ਥਾਵਾਂ ਵਿੱਚ ਵੱਸੇਗਾ, ਬੇਆਬਾਦ ਕੱਲਰ ਸ਼ੋਰ ਵਿੱਚ।।
7 ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ!
8 ਉਹ ਉਸ ਬਿਰਛ ਵਾਂਙੁ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਹ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਵਰ੍ਹੇ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।
9 ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?
10 ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।
11 ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਓਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ। ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਉੜਕ ਨੂੰ ਉਹ ਮੂਰਖ ਬਣੇਗਾ।।
12 ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉੱਚਿਆਈ ਤੇ ਥਾਪਿਆ ਹੋਇਆ ਸਾਡਾ ਪਵਿੱਤਰ ਅਸਥਾਨ ਹੈ।
13 ਹੇ ਯਹੋਵਾਹ ਇਸਰਾਏਲ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ। ਓਹ “ਮੇਰੇ ਫਿਰਤੂ” ਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਓਹਨਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਜਿਹੜਾ ਜੀਉਂਦੇ ਪਾਣੀ ਦਾ ਸੋਤਾ ਹੈ।।
14 ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵੱਲ ਹੋਵਾਂਗਾ! ਮੈਨੂੰ ਬਚਾ ਤਾਂ ਮੈਂ ਬਚਾਂਗਾ! ਕਿਉਂ ਜੋ ਤੂੰ ਮੇਰੀ ਉਸਤਤ ਹੈਂ।
15 ਵੇਖ, ਓਹ ਮੈਨੂੰ ਆਖਦੇ ਹਨ, ਯਹੋਵਾਹ ਦਾ ਬਚਨ ਕਿੱਥੇ ਹੈ? ਉਹ ਆਵੇ ਤਾਂ ਸਹੀ!
16 ਮੈਂ ਤੇਰੇ ਪਿੱਛੇ ਆਜੜੀ ਹੋਣ ਲਈ ਸ਼ਤਾਬੀ ਨਹੀਂ ਕੀਤੀ, ਨਾ ਸੋਗ ਦੇ ਦਿਨ ਦੀ ਚਾਹ ਕੀਤੀ ਹੈ, ਤੂੰ ਏਹ ਜਾਣਦਾ ਹੈਂ। ਜੋ ਕੁੱਝ ਮੇਰੇ ਬੁੱਲ੍ਹਾਂ ਤੋਂ ਨਿੱਕਲਿਆ, ਉਹ ਤੇਰੇ ਮੂੰਹ ਦੇ ਸਨਮੁਖ ਸੀ।
17 ਤੂੰ ਮੇਰੇ ਲਈ ਡਰਾਉਣਾ ਨਾ ਬਣ, ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈਂ।
18 ਜਿਹੜੇ ਮੈਨੂੰ ਸਤਾਉਂਦੇ ਹਨ ਓਹ ਲੱਜਿਆਵਾਨ ਹੋਣ, ਪਰ ਮੈਨੂੰ ਲੱਜਿਆਵਾਨ ਨਾ ਹੋਣ ਦੇਹ, ਓਹ ਘਬਰਾਉਣ, ਪਰ ਮੈਨੂੰ ਘਬਰਾਉਣ ਨਾ ਦੇਹ। ਓਨ੍ਹਾਂ ਉੱਤੇ ਬਿਪਤਾ ਦਾ ਦਿਨ ਲਿਆ, ਓਹਨਾਂ ਨੂੰ ਦੁੱਗਣੀ ਮਾਰ ਨਾਲ ਭੰਨ ਸੁੱਟ!।।
19 ਯਹੋਵਾਹ ਨੇ ਮੈਨੂੰ ਆਖਿਆ ਕਿ ਜਾਹ, ਆਮ ਲੋਕਾਂ ਦੇ ਫਾਟਕ ਉੱਤੇ ਜਿਹ ਦੇ ਵਿੱਚੋਂ ਦੀ ਯਹੂਦਾਹ ਦੇ ਪਾਤਸ਼ਾਹ ਅੰਦਰ ਆਉਂਦੇ ਹਨ ਅਤੇ ਜਿਹ ਦੇ ਵਿੱਚੋਂ ਦੀ ਬਾਹਰ ਜਾਂਦੇ ਹਨ ਸਗੋਂ ਯਰੂਸ਼ਲਮ ਦੇ ਸਾਰੇ ਫਾਟਕਾਂ ਉੱਤੇ ਖਲੋ
20 ਤੂੰ ਓਹਨਾਂ ਨੂੰ ਆਖ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਹੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸਿਓ ਜਿਹੜੇ ਏਹਨਾਂ ਫਾਟਕਾਂ ਦੇ ਵਿੱਚੋਂ ਦੀ ਅੰਦਰ ਆਉਂਦੇ ਹੋ, ਯਹੋਵਾਹ ਦਾ ਬਚਨ ਸੁਣੋ!
21 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸੀਂ ਆਪਣੀਆਂ ਜਾਨਾਂ ਲਈ ਖਬਰਦਾਰ ਹੋਵੋ ਅਤੇ ਸਬਤ ਦੇ ਦਿਨ ਕੋਈ ਭਾਰ ਨਾ ਚੁੱਕੋ ਅਤੇ ਨਾ ਯਰੂਸ਼ਲਮ ਦੇ ਫਾਟਕਾਂ ਦੇ ਵਿੱਚ ਦੀ ਅੰਦਰ ਲਿਆਓ
22 ਨਾ ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਭਾਰ ਚੁੱਕ ਕੇ ਬਾਹਰ ਲੈ ਜਾਓ ਅਤੇ ਨਾ ਕੋਈ ਕੰਮ ਧੰਦਾ ਕਰੋ। ਤੁਸੀਂ ਸਬਤ ਦੇ ਦਿਨ ਨੂੰ ਪਵਿੱਤਰ ਮੰਨੋ ਜਿਵੇਂ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਹੁਕਮ ਦਿੱਤਾ ਹੈ
23 ਪਰ ਓਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਭਈ ਓਹ ਨਾ ਸੁਣਨ, ਨਾ ਮੱਤ ਲੈਣ।।
24 ਤਾਂ ਐਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਜੇ ਤੁਸੀਂ ਦਿਲ ਲਾ ਕੇ ਮੇਰੀ ਸੁਣੋਗੇ ਅਤੇ ਸਬਤ ਦੇ ਦਿਨ ਏਸ ਸ਼ਹਿਰ ਦੇ ਫਾਟਕਾਂ ਦੇ ਵਿੱਚ ਭਾਰ ਨਾ ਲਿਆਓਗੇ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖੋਗੇ ਅਤੇ ਉਸ ਵਿੱਚ ਕੋਈ ਕੰਮ ਧੰਦਾ ਨਾ ਕਰੋਗੇ
25 ਤਦ ਏਸ ਸ਼ਹਿਰ ਦੇ ਫਾਟਕਾਂ ਦੇ ਵਿੱਚੋਂ ਦੀ ਪਾਤਸ਼ਾਹ ਅਤੇ ਸਰਦਾਰ, ਦਾਊਦ ਦੇ ਸਿੰਘਾਸਣ ਉੱਤੇ ਬੈਠਣ ਵਾਲੇ, ਰਥਾਂ ਉੱਤੇ ਤੇ ਘੋੜਿਆਂ ਉੱਤੇ ਚੜ੍ਹ ਕੇ, ਓਹ ਅਤੇ ਓਹਨਾਂ ਦੇ ਸਰਦਾਰ ਯਹੂਦਾਹ ਦੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਏਸ ਵਿੱਚ ਵੜਨਗੇ, ਅਤੇ ਏਹ ਸ਼ਹਿਰ ਸਦਾ ਤੀਕ ਵੱਸਿਆ ਰਹੇਗਾ
26 ਤਾਂ ਯਹੂਦਾਹ ਦੇ ਸ਼ਹਿਰਾਂ ਤੋਂ ਅਤੇ ਯਰੂਸ਼ਲਮ ਦੇ ਆਲੇ ਦੁਆਲੇ ਤੋਂ, ਬਿਨਯਾਮੀਨ ਦੇ ਦੇਸ ਤੋਂ, ਮਦਾਨ ਤੋਂ, ਪਹਾੜ ਤੋਂ ਅਤੇ ਦੱਖਣ ਤੋਂ, ਓਹ ਆਉਣਗੇ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਅਤੇ ਲੁਬਾਨ ਲੈ ਕੇ ਆਉਣਗੇ ਅਤੇ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ
27 ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯਰੂਸ਼ਲਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਏਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਉਹ ਯਰੂਸ਼ਲਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁੱਝੇਗੀ ਨਹੀਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×