Bible Versions
Bible Books

Psalms 104 (PAV) Punjabi Old BSI Version

1 ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੈਂ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ!
2 ਤੈਂ ਚਾਨਣ ਨੂੰ ਪੁਸ਼ਾਕ ਵਾਂਙੁ ਪਾਉਂਦਾ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਙੁ ਤਾਣਦਾ ਹੈਂ, -
3 ਤੂੰ ਜੋ ਆਪਣਿਆਂ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, ਜੋ ਘਟਾਂ ਨੂੰ ਆਪਣੇ ਰਥ ਬਣਾਉਂਦਾ ਹੈਂ, ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ,
4 ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈ।
5 ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।
6 ਤੈਂ ਉਹ ਡੁੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।
7 ਓਹ ਤੇਰੇ ਦਬਕੇ ਨਾਲ ਨੱਠ ਗਏ, ਓਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ,
8 ਉਸ ਥਾਂ ਨੂੰ ਜਿਹ ਦੀ ਤੈਂ ਨੀਂਹ ਰੱਖੀ ਹੋਈ ਸੀ- ਪਹਾੜ ਉਤਾਹਾਂ ਚੜ੍ਹੇ, ਦੂਣਾਂ ਹੇਠਾਂ ਉਤਰੀਆਂ
9 ਤੈਂ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਭਈ ਓਹ ਅੱਗੇ ਨਾ ਲੰਘਣ, ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ।
10 ਤੂੰ ਚਸ਼ਮੇ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਦੇ ਵਿੱਚ ਦੀ ਚੱਲਦੇ ਹਨ।
11 ਰੜ ਦੇ ਸਾਰੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, ਜੰਗਲੀ ਖੋਤੇ ਵੀ ਆਪਣੀ ਤੇਹ ਬੁਝਾਉਂਦੇ ਹਨ।
12 ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, ਅਤੇ ਟਹਿਣੀਆਂ ਤੋਂ ਬੋਲਦੇ ਹਨ।
13 ਤੂੰ ਆਪਣਿਆਂ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈਂ, ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ।
14 ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਭਈ ਧਰਤੀ ਵਿੱਚੋਂ ਅਹਾਰ ਕੱਢੇਂ
15 ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।।
16 ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ,
17 ਜਿੱਥੇ ਚਿੜੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, ਅਤੇ ਲੰਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ।
18 ਉੱਚੇ ਪਹਾੜ ਬਣ ਬੱਕਰਿਆਂ ਲਈ ਹਨ, ਢਿਗਾਂ ਪਹਾੜੀ ਸਹਿਆਂ ਲਈ ਓਟ ਹਨ।
19 ਉਹ ਨੇ ਚੰਦ ਨੂੰ ਥਿੱਤਾਂ ਲਈ ਬਣਾਇਆ, ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।
20 ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਬਣਚਰ ਦਬੀਂ ਪੈਰੀਂ ਨਿੱਕਲਦੇ ਹਨ।
21 ਜੁਆਨ ਬਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ,
22 ਸੂਰਜ ਚੜ੍ਹਦੇ ਹੀ ਓਹ ਖਿਸਕ ਜਾਂਦੇ ਹਨ, ਅਤੇ ਆਪਣਿਆਂ ਘੁਰਨਿਆਂ ਵਿੱਚਾ ਜਾ ਬਹਿੰਦੇ ਹਨ।
23 ਇਨਸਾਨ ਆਪਣੇ ਕੰਮ ਧੰਧੇ ਨੂੰ ਨਿੱਕਲਦਾ ਹੈ, ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ।।
24 ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!
25 ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, ਓਹ ਨਿੱਕੇ ਨਿੱਕੇ ਤੇ ਵੱਡੇ ਵੱਡੇ ਜੀਵ ਹਨ!
26 ਉੱਥੇ ਜਹਾਜ਼ ਚੱਲਦੇ ਹਨ, ਅਤੇ ਤੈਂ ਲਿਵਯਾਥਾਨ ਨੂੰ ਉਹ ਦੇ ਵਿੱਚ ਖੇਡਣ ਲਈ ਰਚਿਆ।।
27 ਏਹ ਸਾਰੇ ਤੇਰੀ ਉਡੀਕ ਵਿੱਚ ਹਨ, ਭਈ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ।
28 ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ।
29 ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਾਬਰ ਜਾਂਦੇ ਹਨ, ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ।
30 ਤੂੰ ਆਪਣਾ ਆਤਮਾ ਘੱਲਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, ਅਤੇ ਤੂੰ ਜਮੀਨ ਨੂੰ ਨਵਾਂ ਬਣਾ ਦਿੰਦਾ ਹੈਂ।
31 ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ, -
32 ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਟੁੱਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ!
33 ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!
34 ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ।
35 ਪਾਪੀ ਧਰਤੀ ਤੋਂ ਮਿਟ ਜਾਣ, ਅਤੇ ਦੁਸ਼ਟ ਬਾਕੀ ਨਾ ਰਹਿਣ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹਲਲੂਯਾਹ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×