Bible Versions
Bible Books

Jeremiah 22 (PAV) Punjabi Old BSI Version

1 ਯਹੋਵਾਹ ਇਉਂ ਆਖਦਾ ਹੈ ਕਿ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਨੂੰ ਉਤਰ ਜਾਹ ਅਤੇ ਉੱਥੇ ਏਹ ਗੱਲ ਕਰ ਕੇ ਆਖ ਕਿ
2 ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈਂ, ਤੂੰ ਅਤੇ ਤੇਰੇ ਟਹਿਲੂਏ ਅਤੇ ਤੇਰੇ ਕੋਲ ਜਿਹੜੇ ਏਹਨਾਂ ਫਾਟਕਾਂ ਥਾਣੀ ਵੜਦੇ ਹੋ
3 ਯਹੋਵਾਹ ਇਉਂ ਫ਼ਰਮਾਉਂਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਰ ਵਿੱਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਏਸ ਅਸਥਾਨ ਵਿੱਚ ਬੇਦੋਸ਼ੇ ਦਾ ਲਹੂ ਵਹਾਓ
4 ਕਿਉਂਕਿ ਜੇ ਤੁਸੀਂ ਸੱਚੀ ਮੁੱਚੀ ਏਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਪਾਤਸ਼ਾਹ ਰਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਏਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਓਹ ਅਤੇ ਓਹਨਾਂ ਦੇ ਟਹਿਲੂਏ ਅਤੇ ਓਹਨਾਂ ਦੇ ਲੋਕ ਵੀ
5 ਪਰ ਜੇ ਤੁਸੀਂ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸੌਂਹ, ਯਹੋਵਾਹ ਦਾ ਵਾਕ ਹੈ, ਕਿ ਏਹ ਘਰ ਇੱਕ ਵਿਰਾਨਾ ਹੋ ਜਾਵੇਗਾ
6 ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਦੇ ਵਿੱਖੇ ਯਹੋਵਾਹ ਇਉਂ ਫ਼ਰਮਾਉਂਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਓਹ ਸ਼ਹਿਰ ਜਿਨ੍ਹਾਂ ਵਿੱਚ ਕੋਈ ਨਹੀਂ ਵੱਸਦਾ।
7 ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਓਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਓਹਨਾਂ ਨੂੰ ਅੱਗ ਉੱਤੇ ਸੁੱਟਣਗੇ।।
8 ਬਹੁਤ ਸਾਰੀਆਂ ਕੌਮਾਂ ਏਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਏਸ ਵੱਡੇ ਸ਼ਹਿਰ ਨਾਲ ਇਉਂ ਕਿਉਂ ਕੀਤਾ?
9 ਤਾਂ ਓਹ ਆਖਣਗੇ, ਏਸ ਲਈ ਕਿ ਓਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦਿਓਤਿਆਂ ਨੂੰ ਮੱਥਾ ਟੇਕਿਆ ਅਤੇ ਓਹਨਾਂ ਦੀ ਪੂਜਾ ਕੀਤੀ।।
10 ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ ਮਾਰ ਕੇ ਰੋਵੋ, ਕਿਉਂ ਜੋ ਉਹ ਫੇਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ।।
11 ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਸ਼ੱਲੁਮ ਦੇ ਵਿਖੇ ਜਿਹ ਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਏਸ ਥਾਂ ਤੋਂ ਤੁਰ ਗਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਉਹ ਏਧਰ ਫੇਰ ਨਾ ਆਵੇਗਾ
12 ਪਰ ਜਿੱਥੇ ਉਹ ਨੂੰ ਅਸੀਰ ਕਰ ਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਏਸ ਦੇਸ ਨੂੰ ਉਹ ਫੇਰ ਨਾ ਵੇਖੇਗਾ।।
13 ਹਾਇ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾ ਨਿਆਉਂ ਦੇ ਬਣਾਉਂਦਾ ਹੈ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਜੂਰੀ ਨਹੀਂ ਦਿੰਦਾ।
14 ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰ ਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫੀ ਰੰਗ ਨਾਲ ਰੰਗਦਾ ਹੈ।
15 ਕੀ ਤੂੰ ਏਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਉ ਹੈ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਉਂ ਅਤੇ ਧਰਮ ਨਹੀਂ ਕੀਤਾ? ਤਦ ਹੀ ਉਹ ਦਾ ਭਲਾ ਹੋਇਆ।
16 ਓਸ ਮਸਕੀਨ ਅਤੇ ਕੰਗਾਲ ਦਾ ਇਨਸਾਫ ਕੀਤਾ, ਤਦ ਹੀ ਉਹ ਦਾ ਭਲਾ ਹੋਇਆ। ਕੀ ਏਹ ਮੇਰਾ ਗਿਆਨ ਨਹੀਂ ਹੈ? ਯਹੋਵਾਹ ਦਾ ਵਾਕ ਹੈ।
17 ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!।।
18 ਏਸ ਲਈ ਯਹੋਵਾਹ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਵਿਖੇ ਐਉਂ ਫ਼ਰਮਾਉਂਦਾ ਹੈ, - ਉਹ ਦੇ ਉੱਤੇ ਓਹ ਏਹ ਆਖ ਕੇ ਸੋਗ ਨਾ ਕਰਨਗੇ, ਹਾਇ ਮੇਰੇ ਭਰਾ! ਯਾ ਹਾਇ ਮੇਰੀ ਭੈਣ! ਨਾ ਉਹ ਦੇ ਉੱਤੇ ਏਹ ਆਖ ਕੇ ਸੋਗ ਕਰਨਗੇ, ਹਾਇ ਮਾਲਕ! ਹਾਇ ਮਹਾਰਾਜ!
19 ਉਹ ਦਾ ਦਫਨਾਉਣਾ ਖੋਤੇ ਦੇ ਦਫਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ।।
20 ਲਬਾਨੋਨ ਨੂੰ ਚੜ੍ਹ ਜਾਹ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ!
21 ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੈਂ ਆਖਿਆ, ਮੈਂ ਨਾ ਸੁਣਾਂਗੀ। ਤੇਰੀ ਜੁਆਨੀ ਤੋਂ ਤੇਰਾ ਏਹੋ ਹੀ ਰਾਹ ਰਿਹਾ, ਕਿਉਂ ਜੋ ਤੈਂ ਮੇਰੀ ਅਵਾਜ਼ ਨਹੀਂ ਸੁਣੀ।
22 ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ। ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ, ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ!
23 ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਹਲਣਾ ਬਣਾਉਂਦੀ ਹੈਂ, ਤੂੰ ਕਿੰਨੀ ਕੁ ਦਯਾ ਜੋਗ ਹੋਵੇਂਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਤੀਵੀਂ ਵਾਂਙੁ ਪੀੜਾਂ ਲੱਗਣਗੀਆਂ!।।
24 ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸੌਂਹ, ਜੇ ਕਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦਾ ਪੁੱਤ੍ਰ ਕਾਨਯਾਹ ਮੇਰੇ ਸੱਜੇ ਹੱਥ ਦੀ ਛਾਪ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!
25 ਮੈਂ ਤੈਨੂੰ ਓਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਤਾਂਘ ਕਰਨ ਵਾਲੇ ਹਨ ਅਤੇ ਓਹਨਾਂ ਦੇ ਹੱਥ ਵਿੱਚ ਜਿਨ੍ਹਾਂ ਤੋਂ ਤੂੰ ਡਰਦਾ ਹੈਂ ਅਰਥਾਤ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ
26 ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ
27 ਪਰ ਉਸ ਦੇਸ ਨੂੰ ਜਿੱਥੇ ਓਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫੇਰ ਨਾ ਮੁੜਨਗੇ।।
28 ਕੀ ਏਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਹ ਨੂੰ ਓਹ ਨਹੀਂ ਜਾਣਦੇ?
29 ਹੇ ਧਰਤੀ, ਹੇ ਧਰਤੀ! ਹੇ ਧਰਤੀ ਯਹੋਵਾਹ ਦਾ ਬਚਨ ਸੁਣ!
30 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਮਨੁੱਖ ਨੂੰ ਔਂਤਰਾ ਲਿੱਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫਲ ਨਾ ਹੋਵੇਗਾ, ਨਾ ਹੀ ਉਹ ਦੀ ਨਸਲ ਵਿੱਚੋਂ ਕੋਈ ਸਫਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫੇਰ ਰਾਜ ਕਰੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×