Bible Versions
Bible Books

Luke 16 (PAV) Punjabi Old BSI Version

1 ਉਸ ਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਧਨਵਾਨ ਮਨੁੱਖ ਸੀ ਜਿਹ ਦਾ ਇੱਕ ਮੁਖ਼ਤਿਆਰ ਹੈਸੀ ਅਤੇ ਇਹ ਦਾ ਗਿਲਾ ਉਹ ਦੇ ਕੋਲ ਕੀਤਾ ਗਿਆ ਜੋ ਉਹ ਤੇਰਾ ਮਾਲ ਉਡਾਉਂਦਾ ਹੈ
2 ਤਾਂ ਉਸ ਨੇ ਉਹ ਨੂੰ ਸੱਦ ਕੇ ਉਹ ਨੂੰ ਆਖਿਆ ਭਈ ਇਹ ਕੀ ਹੈ ਜੋ ਮੈਂ ਤੇਰੇ ਵਿਖੇ ਸੁਣਦਾ ਹਾਂॽ ਆਪਣੀ ਮੁਖ਼ਤਿਆਰੀ ਦਾ ਹਿਸਾਬ ਦਿਹ ਕਿਉਂ ਜੋ ਤੂੰ ਅੱਗੇ ਨੂੰ ਮੁਖ਼ਤਿਆਰ ਨਹੀਂ ਰਹਿ ਸੱਕਦਾ
3 ਉਸ ਮੁਖ਼ਤਿਆਰ ਨੇ ਆਪਣੇ ਜੀ ਵਿੱਚ ਕਿਹਾ, ਮੈਂ ਕੀ ਕਰਾਂ ਕਿਉ ਜੋ ਮੇਰਾ ਮਾਲਕ ਮੁਖ਼ਤਿਆਰੀ ਮੈਥੋਂ ਖੋਹਣ ਲੱਗਾ ਹੈॽ ਕਹੀ ਮੇਰੇ ਕੋਲੋਂ ਮਾਰੀ ਨਹੀਂ ਜਾਂਦੀ ਅਤੇ ਭਿੱਖਿਆ ਮੰਗਣ ਤੋਂ ਮੈਨੂੰ ਲਾਜ ਆਉਂਦੀ ਹੈ
4 ਮੈਂ ਜਾਣ ਗਿਆ ਭਈ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਮੁਖ਼ਤਿਆਰੀਓਂ ਹਟਾਇਆ ਜਾਵਾਂ ਓਹ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ
5 ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ ਇੱਕ ਕਰਕੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ਤੈਂ ਮੇਰੇ ਮਾਲਕ ਦਾ ਕਿੰਨਾ ਦੇਣਾ ਹੈॽ
6 ਉਹ ਬੋਲਿਆ, ਸੌ ਮਣ ਤੇਲ, ਫੇਰ ਓਨ ਉਸ ਨੂੰ ਆਖਿਆ, ਭਈ ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ ਪੰਜਾਹ ਲਿਖ
7 ਫੇਰ ਦੂਏ ਨੇ ਕਿਹਾ, ਤੈਂ ਕਿੰਨਾ ਦੇਣਾ ਹੈ? ਓਸ ਆਖਿਆ, ਸੌ ਮਾਣੀ ਕਣਕ। ਓਨ ਉਸ ਨੂੰ ਆਖਿਆ ਭਈ ਆਪਣੀ ਬਹੀ ਲੈ ਕੇ ਅੱਸੀ ਲਿਖ
8 ਤਾਂ ਮਾਲਕ ਨੇ ਉਸ ਨਿਮਕਹਰਾਮ ਮੁਖ਼ਤਿਆਰ ਦੀ ਵਡਿਆਈ ਕੀਤੀ ਇਸ ਲਈ ਜੋ ਉਹ ਨੇ ਚਤੁਰਾਈ ਕੀਤੀ ਸੀ ਕਿਉਂ ਜੋ ਐਸ ਜੁਗ ਦੇ ਪੁੱਤ੍ਰ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤ੍ਰਾਂ ਨਾਲੋਂ ਚਾਤਰ ਹਨ
9 ਮੈਂ ਤੁਹਾਨੂੰ ਆਖਦਾ ਹਾਂ ਭਈ ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦੀ ਰਹੇ ਓਹ ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ
10 ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ
11 ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾॽ
12 ਅਰ ਜੇ ਤੁਸੀਂ ਪਰਾਏ ਮਾਲ ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾॽ
13 ਕੋਈ ਟਹਿਲੂਆ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸੱਕਦਾ ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।।
14 ਫ਼ਰੀਸੀਆਂ ਨੇ ਜਿਹੜੇ ਰੁਪਿਆਂ ਦੇ ਲੋਭੀ ਸਨ ਏਹ ਸਾਰੀਆਂ ਗੱਲਾਂ ਸੁਣੀਆਂ ਅਤੇ ਉਸ ਉੱਤੇ ਮਖੌਲ ਕਰਲ ਲੱਗੇ
15 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ
16 ਤੁਰੇਤ ਅਰ ਨਬੀ ਯੂਹੰਨਾ ਤੀਕੁਰ ਸਨ ਉਸ ਵੇਲੇ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ
17 ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਤੁਰੇਤ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਸਹਿਜ ਹੈ
18 ਹਰੇਕ ਜੋ ਆਪਣੀ ਤੀਵੀਂ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜ਼ਨਾਹ ਕਰਦਾ ਹੈ ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀਂ ਨੂੰ ਵਿਆਹੇ ਉਹ ਜ਼ਨਾਹ ਕਰਦਾ ਹੈ।।
19 ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਰ ਬਰੀਕ ਕੱਪੜਾ ਪਹਿਨਦਾ ਅਤੇ ਨਿੱਤ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ
20 ਅਰ ਲਾਜ਼ਰ ਨਾਉਂ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹ ਦੀ ਡਿਉੜ੍ਹੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ
21 ਅਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹ ਦੇ ਫੋੜ੍ਹਿਆਂ ਨੂੰ ਚੱਟਦੇ ਸਨ
22 ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਹ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ
23 ਅਰ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ
24 ਤਾਂ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਘੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁੱਬੋ ਕੇ ਮੇਰੀ ਜੀਭ ਠੰਢੀ ਕਰੇ ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ!
25 ਪਰ ਅਬਰਾਹਾਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜੀਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਰ ਇਸੇ ਤਰਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਉਹ ਐੱਥੇ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈਂ
26 ਅਰ ਇਸ ਤੋਂ ਬਾਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਓਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਓਹ ਨਾ ਲੰਘ ਸੱਕਣ, ਨਾ ਉੱਧਰੋਂ ਕੋਈ ਸਾਡੇ ਕੋਲ ਏਸ ਪਾਸੇ ਆਉਣ
27 ਤਾਂ ਉਸ ਆਖਿਆ, ਹੇ ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹ ਨੂੰ ਮੇਰੇ ਪਿਉ ਦੇ ਘਰ ਭੇਜ
28 ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਸਾਖੀ ਦੇਵੇ ਭਈ ਕਿਤੇ ਓਹ ਭੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ
29 ਪਰ ਅਬਰਾਹਾਮ ਨੇ ਆਖਿਆ, ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ
30 ਪਰ ਓਸ ਆਖਿਆ, ਨਾ ਜੀ ਹੇ ਪਿਤਾ ਅਬਰਾਹਾਮ ਪਰ ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਓਹ ਤੋਬਾ ਕਰਨਗੇ
31 ਪਰ ਉਹ ਨੇ ਉਸ ਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਭੀ ਕੋਈ ਜੀ ਉੱਠੇ ਪਰ ਓਹ ਨਾ ਮੰਨਣਗੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×