Bible Versions
Bible Books

Jeremiah 25 (PAV) Punjabi Old BSI Version

1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਵਿਖੇ ਆਇਆ। ਉਹ ਯਹੂਦਾਹ ਤੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਸੀ ਜਿਹੜਾ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦਾ ਪਹਿਲਾ ਵਰ੍ਹਾ ਸੀ
2 ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ
3 ਯਹੂਦਾਹ ਦੇ ਪਾਤਸ਼ਾਹ ਆਮੋਨ ਦੇ ਪੁੱਤ੍ਰ ਯੋਸ਼ੀਯਾਹ ਦੇ ਤੇਰ੍ਹਵੇਂ ਵਰ੍ਹੇ ਤੋਂ ਅਜ ਤੀਕ ਜਿਹੜੇ ਤੇਈ ਵਰ੍ਹੇ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ ਪਰ ਤੁਸਾਂ ਨਾ ਸੁਣਿਆ
4 ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਜਤਨ ਕਰ ਕੇ ਘੱਲਦਾ ਰਿਹਾ, ਪਰ ਤੁਸਾਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ
5 ਏਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣਿਆਂ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਸ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ
6 ਤੁਸੀਂ ਦੂਜੇ ਦਿਓਤਿਆਂ ਦੇ ਪਿੱਛੇ ਨਾ ਜਾਓ, ਨਾ ਓਹਨਾਂ ਦੀ ਪੂਜਾ ਕਰੋ, ਨਾ ਓਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜ੍ਹਾਓ, ਤਾਂ ਮੈਂ ਤੁਹਾਨੂੰ ਹਰਜਾ ਨਾ ਪਾਵਾਂਗਾ
7 ਪਰ ਤੁਸਾਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜ੍ਹਾਓ।।
8 ਸੋ ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ
9 ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਸਦਵਾ ਘੱਲਾਂਗਾ। ਮੈਂ ਓਹਨਾਂ ਨੂੰ ਏਸ ਦੇਸ ਦੇ ਵਿਰੁੱਧ,ਉਹ ਦੇ ਵਾਸੀਆਂ ਦੇ ਵਿਰੁੱਧ ਅਤੇ ਓਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਓਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਓਹਨਾਂ ਨੂੰ ਇੱਕ ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ
10 ਨਾਲੇ ਮੈਂ ਓਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ
11 ਅਤੇ ਏਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਏਹ ਕੌਮਾਂ ਸੱਤਰ ਵਰ੍ਹਿਆਂ ਤੀਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ
12 ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਪਾਤਸ਼ਾਹ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ ਦੀ ਵੀ ਓਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ
13 ਅਤੇ ਮੈਂ ਉਸ ਦੇਸ ਉੱਤੇ ਓਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਸ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਓਹ ਸਾਰੀਆਂ ਗੱਲਾਂ ਜਿਹੜੀਆਂ ਏਸ ਪੋਥੀ ਵਿੱਚ ਲਿਖਿਆ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ
14 ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਵੱਡੇ ਪਾਤਸ਼ਾਹ ਓਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਓਹਨਾਂ ਦੀ ਕਰਨੀ ਦਾ ਅਤੇ ਓਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ।।
15 ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਇਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਏਹ ਕਟੋਰਾ ਲੈ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਦਾ ਹਾਂ ਪਿਲਾ ਦੇਹ
16 ਓਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਓਹਨਾਂ ਵਿੱਚ ਘੱਲਾਂਗਾ ਓਹ ਡਿੱਗਦੇ ਫਿਰਨਗੇ ਅਤੇ ਤੜਫਣਗੇ।।
17 ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਯਹੋਵਾਹ ਨੇ ਮੈਨੂੰ ਘੱਲਿਆ ਸੀ ਪਿਲਾ ਦਿੱਤਾ
18 ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਪਾਤਸ਼ਾਹਾਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਓਹਨਾਂ ਨੂੰ ਇੱਕ ਵਿਰਾਨਾ, ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ
19 ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ
20 ਓਹਨਾਂ ਸਾਰਿਆਂ ਰਲਿਆਂ ਮਿਲਿਆਂ ਲੋਕਾਂ ਨੂੰ, ਊਜ਼ ਦੇਸ ਦੇ ਸਾਰੇ ਰਾਜਿਆਂ ਨੂੰ, ਫਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਸ ਦੇ ਬਕੀਏ ਨੂੰ
21 ਅਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ
22 ਸੂਰ ਦੇ ਸਾਰੇ ਰਾਜਿਆਂ ਨੂੰ, ਸੈਦਾ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ,
23 ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਓਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ
24 ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ,
25 ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਪਾਤਸ਼ਾਹਾਂ ਨੂੰ,
26 ਉੱਤਰ ਦੇ ਸਾਰੇ ਪਾਤਸ਼ਾਹਾਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ, ਅਤੇ ਓਹਨਾਂ ਦੇ ਪਿੱਛੋਂ ਸ਼ੇਸ਼ਕ ਦਾ ਪਾਤਸ਼ਾਹ ਪੀਵੇਗਾ।।
27 ਤਾਂ ਤੂੰ ਓਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫੇਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਘੱਲਾਂਗਾ!।।
28 ਤਾਂ ਐਉਂ ਹੋਵੇਗਾ ਕਿ ਜੇ ਓਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੁਸੀਂ ਜ਼ਰੂਰ ਪੀਓਗੇ!
29 ਕਿਉਂ ਜੋ ਵੇਖੋ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ। ਕੀ ਤੁਸੀਂ ਸੱਚ ਮੁੱਚ ਸਜ਼ਾ ਤੋਂ ਬਿਨਾ ਛੁੱਟੋਗੇ? ਤੁਸੀਂ ਸਜ਼ਾ ਤੋਂ ਬਿਨਾ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
30 ਤੂੰ ਏਹਨਾਂ ਸਾਰੀਆਂ ਗੱਲਾਂ ਦਾ ਓਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਓਹਨਾਂ ਨੂੰ ਆਖ, - ਯਹੋਵਾਹ ਉੱਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼ ਦੇਵੇਗਾ। ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਓਹਨਾਂ ਵਾਂਙੁ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ।
31 ਧਰਤੀ ਦੇ ਕੰਢਿਆਂ ਤੀਕ ਇੱਕ ਸ਼ੋਰ ਅੱਪੜੇਗਾ, ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਓਹ ਸਾਰੇ ਬਸ਼ਰਾਂ ਦਾ ਨਿਆਉਂ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ।।
32 ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਬੁਰਿਆਈ ਕੌਮ ਕੌਮ ਉੱਤੇ ਪਵੇਗੀ, ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ!
33 ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਡੇ ਤੀਕ ਪਏ ਰਹਿਣਗੇ। ਓਹਨਾਂ ਲਈ ਸੋਗ ਨਾ ਹੋਵੇਗਾ, ਓਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਓਹ ਭੋਂ ਉੱਤੇ ਬਿਸ਼ਟਾਂ ਵਾਂਙੁ ਹੋਣਗੇ।।
34 ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ! ਹੇ ਇੱਜੜ ਦੇ ਚੌਧਰੀਓ, ਤੁਸੀਂ ਸੁਆਹ ਵਿੱਚ ਲੇਟੋ! ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ ਦਿਨ ਪੂਰੇ ਹੋ ਗਏ, ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਙੁ ਡਿੱਗ ਪਓਗੇ।
35 ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ, ਅਤੇ ਇੱਜੜ ਦੇ ਚੌਧਰੀਆਂ ਲਈ ਕੋਈ ਬਚਾਓ ਨਾ ਹੋਵੇਗਾ।
36 ਆਜੜੀਆਂ ਦੇ ਚਿੱਲਾਉਣ ਦੀ ਅਵਾਜ਼, ਇੱਜੜ ਦੇ ਚੌਧਰੀਆਂ ਦਾ ਵਿਲਕਣਾ! ਕਿਉਂ ਜੋ ਯਹੋਵਾਹ ਨੇ ਓਹਨਾਂ ਦੀਆਂ ਚਰਾਂਦਾ ਨੂੰ ਉਜਾੜ ਦਿੱਤਾ ਹੈ।
37 ਸ਼ਾਂਤੀ ਦੀਆਂ ਚਰਾਂਦਾਂ ਉੱਜੜ ਗਈਆਂ ਹਨ, ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ।
38 ਬਬਰ ਸ਼ੇਰ ਵਾਂਙੁ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਓਹਨਾਂ ਦਾ ਦੇਸ ਵਿਰਾਨ ਹੋ ਗਿਆ ਹੈ, ਉਸ ਡਾਢੇ ਅਨ੍ਹੇਰੇ ਦੇ ਕਾਰਨ, ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×