Bible Versions
Bible Books

Joshua 1 (PAV) Punjabi Old BSI Version

1 ਯਹੋਵਾਹ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਐਉਂ ਹੋਇਆ ਕਿ ਯਹੋਵਾਹ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਖਿਆ
2 ਕਿ ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ
3 ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ
4 ਉਜਾੜ ਅਤੇ ਏਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫ਼ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ ਸੂਰਜ ਦੇ ਲਹਿਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ
5 ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ
6 ਤਕੜਾ ਹੋ ਅਤੇ ਹੌਸਲਾ ਰੱਖ ਕਿਉਂ ਜੋ ਏਹ ਦੇਸ ਜਿਹ ਦੀ ਮੈਂ ਇਨ੍ਹਾਂ ਦੇ ਪਿਉ ਦਾਦਿਆਂ ਨੂੰ ਦੇਣ ਦੀ ਸੌਂਹ ਖਾਧੀ ਹੈ ਤੂੰ ਇਨ੍ਹਾਂ ਲੋਕਾਂ ਨੂੰ ਮਿਲਖ ਲਈ ਦੁਆਵੇਂਗਾ
7 ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਉਸ ਸਾਰੀ ਬਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੇਂ, ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇਂ ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ
8 ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ
9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ? ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।।
10 ਤਾਂ ਯਹੋਸ਼ੁਆ ਨੇ ਲੋਕਾਂ ਦੇ ਹੁੱਦੇਦਾਰਾਂ ਨੂੰ ਹੁਕਮ ਦਿੱਤਾ
11 ਕਿ ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਭਈ ਤੁਸੀਂ ਆਪਣੇ ਤਾਈਂ ਰਸਤ ਤਿਆਰ ਕਰੋ ਕਿਉਂ ਜੋ ਤਿੰਨਾਂ ਦਿਨਾਂ ਦੇ ਪਿੱਛੋਂ ਤੁਸੀਂ ਏਸ ਯਰਦਨ ਤੋਂ ਪਾਰ ਲੰਘੋਗੇ ਤਾਂ ਜੋ ਜਾ ਕੇ ਉਸ ਦੇਸ ਉੱਤੇ ਕਬਜ਼ਾ ਕਰੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ
12 ਤਾਂ ਰਊਬੇਨੀਆਂ ਅਤੇ ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇਆਖਿਆ
13 ਯਹੋਵਾਹ ਦੇ ਦਾਸ ਮੂਸਾ ਦੀ ਗੱਲ ਨੂੰ ਚੇਤੇ ਰੱਖੋ ਜਿਹ ਦਾ ਉਸ ਤੁਹਾਨੂੰ ਹੁਕਮ ਦਿੱਤਾ ਸੀ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸੁਖ ਵੀ ਅਤੇ ਏਹ ਦੇਸ ਵੀ ਦੇਵੇਗਾ
14 ਤੁਹਾਡੀਆਂ ਤੀਵੀਆਂ, ਤੁਹਾਡੇ ਬਾਲ ਅਤੇ ਤੁਹਾਡੇ ਵੱਗ ਏਸ ਧਰਤੀ ਵਿੱਚ ਵੱਸਣਗੇ ਜਿਹੜੀ ਯਰਦਨ ਦੇ ਪਾਰ ਮੂਸਾ ਨੇ ਤੁਹਾਨੂੰ ਦਿੱਤੀ ਹੈ ਪਰ ਤੁਸੀਂ ਸਾਰੇ ਜਿੰਨੇ ਸੂਰ ਬੀਰ ਹੋ ਸ਼ਸਤਰ ਬੰਨ੍ਹ ਕੇ ਆਪਣਿਆਂ ਭਰਾਵਾਂ ਦੇ ਅੱਗੇ ਪਾਰ ਲੰਘੋ ਅਤੇ ਉਨ੍ਹਾਂ ਦੀ ਸਹਾਇਤਾ ਕਰੋ
15 ਜਦ ਤੀਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਸੁੱਖ ਨਾ ਦੇਵੇ ਜਿਵੇਂ ਉਸ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਦੇਸ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇਣ ਵਾਲਾ ਹੈ ਕਬਜ਼ਾ ਨਾ ਕਰ ਲੈਣ ਤਦ ਤੁਸੀਂ ਏਸ ਦੇਸ ਵੱਲ ਜਿਹੜਾ ਤੁਹਾਡੀ ਵਿਰਾਸਤ ਹੈ ਮੁੜਿਓ ਜਿਹੜਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤਾ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਿਓ
16 ਤਾਂ ਉਨ੍ਹਾਂ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਜਿਵੇਂ ਤੈਂ ਸਾਨੂੰ ਆਗਿਆ ਦਿੱਤੀ ਓਵੇਂ ਹੀ ਅਸੀਂ ਕਰਾਂਗੇ ਅਤੇ ਜਿੱਥੇ ਤੂੰ ਸਾਨੂੰ ਘੱਲੇਂਗਾ ਅਸੀਂ ਉੱਥੇ ਹੀ ਜਾਵਾਂਗੇ
17 ਜਿਵੇਂ ਅਸਾਂ ਮੂਸਾ ਦੀਆਂ ਸਾਰੀਆਂ ਗੱਲਾਂ ਸੁਣੀਆਂ ਓਵੇਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਸੁਣਾਂਗੇ। ਜਿਵੇਂ ਯਹੋਵਾਹ ਤੇਰਾ ਪਰਮੇਸ਼ੁਰ ਮੂਸਾ ਦੇ ਅੰਗ ਸੰਗ ਸੀ ਓਵੇਂ ਤੇਰੇ ਅੰਗ ਸੰਗ ਵੀ ਰਹੇ
18 ਅਤੇ ਜੇ ਕੋਈ ਮਨੁੱਖ ਤੇਰੇ ਆਖੇ ਤੋਂ ਆਕੀ ਹੋਵੇ ਅਤੇ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੇ ਜਿਹ ਦੀ ਤੂੰ ਉਸਨੂੰ ਆਗਿਆ ਦੇਵੇਂ ਉਹ ਮਾਰਿਆ ਜਾਵੇ। ਤੂੰ ਨਿਰਾ ਤਕੜਾ ਹੋ ਅਤੇ ਹੌਸਲਾ ਰੱਖ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×