Bible Versions
Bible Books

Exodus 38 (PAV) Punjabi Old BSI Version

1 ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲਕੜੀ ਦੀ ਬਣਾਈ। ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੁੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਰ ਉਸ ਦੀ ਉਚਾਈ ਤਿੰਨ ਹੱਥ ਸੀ
2 ਉਸ ਨੇ ਉਸ ਦੇ ਸਿੰਙ ਉਸੇ ਤੋਂ ਉਸ ਦੇ ਚੌਹਾਂ ਖੂੰਜਿਆਂ ਉੱਤੇ ਬਣਾਏ ਅਤੇ ਉਸ ਨੂੰ ਪਿੱਤਲ ਨਾਲ ਮੜ੍ਹਿਆ
3 ਜਗਵੇਦੀ ਦਾ ਸਾਰਾ ਸਮਾਨ ਉਸ ਨੇ ਬਣਾਇਆ ਅਰਥਾਤ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ
4 ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ
5 ਉਹ ਉਹ ਦੇ ਥੜੇ ਦੇ ਹੇਠ ਅਤੇ ਉਹ ਦੇ ਗੱਭੇ ਸੀ ਅਤੇ ਉਸ ਨੇ ਚੌਹਾਂ ਖੂੰਜਿਆਂ ਲਈ ਚਾਰ ਕੜੇ ਪਿੱਤਲ ਦੀ ਝੰਜਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ
6 ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ
7 ਉਸ ਉਹ ਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ। ਉਸ ਨੇ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਇਆ
8 ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵੱਜੇ ਦੀਆਂ ਸੇਵਾ ਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ।।
9 ਉਸ ਨੇ ਹਾਤਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਹਾਤੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਸੌ ਹੱਥ ਬਣਾਈਆਂ
10 ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਬੀਹ ਅਤੇ ਉਨ੍ਹਾਂ ਦੀਆਂ ਚੀਥੀਆਂ ਬੀਹ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ
11 ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਬੀਹ ਅਤੇ ਉਨ੍ਹਾਂ ਦੀਆਂ ਚੀਥੀਆਂ ਬੀਹ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ
12 ਅਤੇ ਲਹਿੰਦੇ ਪਾਸੇ ਵੱਲ ਕਨਾਤਾਂ ਪੰਜਾਹ ਹੱਥ ਸਨ। ਉਨ੍ਹਾਂ ਦੀਆਂ ਥੰਮ੍ਹੀਆਂ ਦਸ ਉਨ੍ਹਾਂ ਦੀਆਂ ਚੀਥੀਆਂ ਦਸ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਰ ਕੜੇ ਚਾਂਦੀ ਦੇ ਸਨ
13 ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ
14 ਵਰਵੱਜੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ
15 ਅਤੇ ਐਉਂ ਦੂਜੇ ਪਾਸੇ ਲਈ ਸੀ ਅਰਥਾਤ ਹਾਤੇ ਦੇ ਫਾਟਕ ਦੀ ਦੋਹੀਂ ਪਾਸੀਂ ਪੰਦਰਾਂ ਪੰਦਰਾਂ ਹੱਥ ਦੀਆਂ ਕਨਾਤਾਂ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ
16 ਹਾਤੇ ਦੇ ਚੌਹਾਂ ਪਾਸਿਆਂ ਦੀਆਂ ਕਨਾਤਾਂ ਉਣੀ ਹੋਈ ਕਤਾਨ ਦੀਆਂ ਸਨ
17 ਅਰ ਥੰਮ੍ਹੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਰ ਥੰਮ੍ਹੀਆਂ ਦੇ ਕੁੰਡੇ ਅਰ ਕੜੇ ਚਾਂਦੀ ਦੇ ਸਨ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਚਾਂਦੀ ਦਾ ਸੀ ਅਤੇ ਹਾਤੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ
18 ਹਾਤੇ ਦੇ ਫਾਟਕ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਸੀ ਅਤੇ ਉਹ ਕਸੀਦੇਕਾਰ ਦਾ ਕੰਮ ਸੀ। ਉਹ ਦੀ ਲੰਬਾਈ ਬੀਹ ਹੱਥ ਅਤੇ ਉਹ ਦੀ ਉਚਾਈ ਚੁੜਾਈ ਜਿੰਨੀ ਪੰਜ ਹੱਥ ਹਾਤੇ ਦੀਆਂ ਕਨਾਤਾਂ ਵਾਂਙੁ ਸੀ
19 ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ
20 ਡੇਹਰੇ ਅਤੇ ਹਾਤੇ ਦੇ ਆਲੇ ਦੁਆਲੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਸਨ।।
21 ਏਹ ਡੇਹਰੇ ਦਾ ਲੇਖਾ ਹੈ ਅਰਥਾਤ ਸਾਖੀ ਦੇ ਡੇਹਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਉਪਾਸਨਾ ਦੇ ਕੰਮ ਲਈ ਹਾਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਰਾਹੀਂ ਗਿਣਿਆ ਗਿਆ
22 ਸੋ ਹੂਰ ਦੇ ਪੋਤ੍ਰੇ ਅਰ ਊਰੀ ਦੇ ਪੁਤ੍ਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ
23 ਉਹ ਦੇ ਨਾਲ ਆਹਾਲੀਆਬ ਅਹੀਸਮਕ ਦਾ ਪੁੱਤ੍ਰ ਸੀ ਜਿਹੜਾ ਦਾਨ ਦੇ ਗੋਤ ਦਾ ਸੀ। ਉਹ ਚਤੇਰਾ ਅਰ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਕਸੀਦੇਕਾਰ ਸੀ।।
24 ਸਾਰਾ ਸੋਨਾ ਜਿਹੜਾ ਪਵਿੱਤ੍ਰ ਅਸਥਾਨ ਦੇ ਕੰਮ ਦੇ ਵਰਤਣ ਵਿੱਚ ਆਇਆ ਅਰਥਾਤ ਭੇਟ ਦਾ ਸੋਨਾ ਉੱਨਤੀ ਕਿੱਕਾਰ ਅਤੇ ਸੱਤ ਸੌ ਤੀਹ ਸ਼ਕਲ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਹੋਇਆ
25 ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਇੱਕ ਸੌ ਕਿੱਕਾਰ ਅਤੇ ਇੱਕ ਹਜ਼ਾਰ ਸੱਤ ਸੌ ਪਝੱਤ੍ਰ ਸ਼ਕਲ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਸੀ
26 ਅਰਥਾਤ ਜੀਆਂ ਪਰਤੀ ਅੱਧਾ ਸ਼ਕਲ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਉਨ੍ਹਾਂ ਸਾਰਿਆਂ ਤੋਂ ਜਿਹੜੇ ਗਿਣਿਆਂ ਹੋਇਆਂ ਵਿੱਚ ਰਲਦੇ ਸਨ ਲਿਆ ਜਿਹੜੇ ਬੀਹ ਵਰਿਹਾਂ ਦੇ ਅਤੇ ਉੱਤੇ ਦੇ ਸਨ ਓਹ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ
27 ਅਤੇ ਚਾਂਦੀ ਦੇ ਸੌ ਕਿੱਕਾਰ ਪਵਿੱਤ੍ਰ ਅਸਥਾਨ ਦੀਆਂ ਚੀਥੀਆਂ ਅਤੇ ਪੜਦੇ ਦੀਆਂ ਚੀਥੀਆਂ ਲਈ ਵਰਤੇ ਗਏ ਅਰਥਾਤ ਸੌ ਚੀਥੀਆਂ ਸੌ ਕਿੱਕਾਰ ਇੱਕ ਚੀਥੀ ਇੱਕ ਕਿੱਕਾਰ
28 ਅਤੇ ਇੱਕ ਹਜ਼ਾਰ ਸੱਤ ਸੌ ਪਝੱਤ੍ਰ ਸ਼ਕਲ ਤੋਂ ਉਸ ਨੇ ਥੰਮ੍ਹੀਆਂ ਦੇ ਕੁੰਡੇ ਬਣਾਏ ਅਤੇ ਉਨ੍ਹਾਂ ਦੇ ਸਿਰਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਦੇ ਕੜੇ ਬਣਾਏ
29 ਭੇਟ ਦਾ ਪਿੱਤਲ ਸੱਤਰ ਕਿੱਕਾਰ ਅਤੇ ਦੋ ਹਜ਼ਾਰ ਚਾਰ ਸੌ ਸ਼ਕਲ ਸੀ
30 ਉਸ ਤੋਂ ਉਹ ਨੇ ਮੰਡਲੀ ਦੇ ਤੰਬੂ ਦੇ ਦਰਵੱਜੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ ਨਾਲੇ ਹਾਤੇ ਦੇ ਚੌਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਹਾਤੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਹਰੇ ਦੀਆਂ ਸਾਰੀਆਂ ਕੀਲੀਆਂ ਅਤੇ ਹਾਤੇ ਦੇ ਚੌਹਾਂ ਪਾਸਿਆਂ ਦੀਆਂ ਕੀਲੀਆਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×