Bible Versions
Bible Books

Numbers 5 (PAV) Punjabi Old BSI Version

1 ਯਹੋਵਾਹ ਮੂਸਾ ਨੂੰ ਬੋਲਿਆ,
2 ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲੋਥਾਂ ਤੋਂ ਅਸ਼ੁੱਧ ਹੋਣ
3 ਭਾਵੇਂ ਨਰ ਭਾਵੇਂ ਨਾਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਓਹ ਉਨ੍ਹਾਂ ਦੇ ਡੇਰਿਆਂ ਨੂੰ ਜਿੰਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ
4 ਤਾਂ ਇਸਰਾਏਲੀਆਂ ਨੇ ਏਵੇਂ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ। ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ।।
5 ਯਹੋਵਾਹ ਮੂਸਾ ਨੂੰ ਬੋਲਿਆ,
6 ਇਸਰਾਏਲੀਆਂ ਨੂੰ ਬੋਲ ਕੇ ਜਦ ਕੋਈ ਮਨੁੱਖ ਅਥਵਾ ਤੀਵੀਂ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਰ ਉਹ ਪ੍ਰਾਣੀ ਦੋਸ਼ੀ ਠਹਿਰੇ
7 ਤਾਂ ਉਹ ਆਪਣੇ ਪਾਪ ਦਾ ਅਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦਾ ਪੂਰਾ ਵੱਟਾ ਭਰੇ ਅਤੇ ਉਹ ਉਸ ਦੇ ਨਾਲ ਪੰਜਵਾ ਹਿੱਸਾ ਵੱਧ ਪਾਕੇ ਉਹ ਨੂੰ ਦੇਵੇ ਜਿਹ ਦਾ ਉਹ ਦੋਸ਼ੀ ਹੋਇਆ
8 ਜੇ ਉਸ ਮਨੁੱਖ ਦਾ ਕੋਈ ਨੇੜਦਾਰ ਨਾ ਹੋਵੇ ਜਿਹ ਨੂੰ ਉਸ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜ਼ਾਨਾ ਜਿਹੜਾ ਯਹੋਵਾਹ ਦਾ ਹੈ ਜਾਜਕ ਨੂੰ ਦਿੱਤਾ ਜਾਵੇ ਨਾਲੇ ਪਰਾਸਚਿਤ ਦਾ ਛੱਤ੍ਰਾ ਜਿਹ ਦੇ ਨਾਲ ਉਸ ਦਾ ਪਰਾਸਚਿਤ ਕੀਤਾ ਜਾਵੇ
9 ਇਸਰਾਏਲੀਆਂ ਦੀਆਂ ਪਵਿੱਤ੍ਰ ਚੀਜ਼ਾਂ ਵਿੱਚੋਂ ਜਿਹੜੀਆਂ ਓਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ
10 ਹਰ ਮਨੁੱਖ ਦੀਆਂ ਪਵਿੱਤ੍ਰ ਚੀਜ਼ਾਂ ਉਸ ਦੀਆਂ ਹੋਣ। ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸ ਦਾ ਹੋਵੇ।।
11 ਯਹੋਵਾਹ ਮੂਸਾ ਨੂੰ ਬੋਲਿਆ,
12 ਇਸਰਾਏਲੀਆਂ ਨਾਲ ਗੱਲ ਕਰ ਅਰ ਉਨ੍ਹਾਂ ਨੂੰ ਆਖ ਭਈ ਜਦ ਕਿਸੇ ਮਨੁੱਖ ਦੀ ਤੀਵੀ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ
13 ਅਤੇ ਕੋਈ ਮਨੁੱਖ ਉਸ ਨਾਲ ਲੇਟੇ ਅਰ ਬਦਕਾਰੀ ਕਰੇ ਪਰ ਏਹ ਉਸ ਦੇ ਮਨੁੱਖ ਦੀਆਂ ਅੱਖਾਂ ਤੋਂ ਅਪਰੋਖੇ ਰਹੇ ਅਤੇ ਉਹ ਗੱਲ ਲੁਕੀ ਰਹੇ ਅਤੇ ਉਹ ਭਿੱਟੀ ਗਈ ਹੋਵੇ ਪਰ ਨਾ ਕੋਈ ਉਸ ਦੇ ਵਿਰੁੱਧ ਗਵਾਹ ਹੋਵੇ ਅਰ ਓਹ ਫੜਿਆ ਨਾ ਗਿਆ ਹੋਵੇ
14 ਪਰ ਉਸ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਨ ਕਰੇ ਅਰ ਉਹ ਭਿੱਟੀ ਗਈ ਹੋਵੇ ਅਥਵਾ ਉਸ ਦਾ ਜਲਨ ਦਾ ਮਜ਼ਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਨ ਕਰੇ ਪਰ ਉਹ ਭਿਟੀ ਗਈ ਹੋਵੇ
15 ਤਾਂ ਉਹ ਮਨੁੱਖ ਆਪਣੀ ਤੀਵੀਂ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫਾ ਦਾ ਦਸਵਾਂ ਹਿੱਸਾ ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ
16 ਤਾਂ ਜਾਜਕ ਉਹ ਨੂੰ ਨੇੜੇ ਲਿਆ ਕੇ ਯਹੋਵਾਹ ਅੱਗੇ ਖੜੀ ਕਰੇ
17 ਫੇਰ ਜਾਜਕ ਪਵਿੱਤ੍ਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਹਰੇ ਦੇ ਫਰਸ਼ ਦੀ ਧੂੜ ਲੈਕੇ ਉਸ ਜਲ ਵਿੱਚ ਪਾਵੇ
18 ਫੇਰ ਜਾਜਕ ਉਸ ਤੀਵੀਂ ਨੂੰ ਯਹੋਵਾਹ ਦੇ ਅੱਗੇ ਖੜੀ ਕਰੇ ਅਤੇ ਉਸ ਦੇ ਸਿਰ ਦੇ ਬਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾਂ ਉੱਤੇ ਯਾਦਗਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ ਅਤੇ ਜਾਜਕ ਦੇ ਹੱਥ ਵਿੱਚ ਕੁੱੜਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ
19 ਤਾਂ ਜਾਜਕ ਉਸ ਨੂੰ ਸੌਂਹ ਦੇਵੇ ਅਤੇ ਤੀਵੀਂ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਿੱਟੀ ਨਹੀਂ ਗਈ ਤਾਂ ਤੂੰ ਏਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ ਬਚੀ ਰਹੁ
20 ਪਰੰਤੂ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇ ਕਿਸੇ ਹੋਰ ਮਨੁੱਖ ਦੇ ਸੰਗ ਬਿਨਾ ਤੇਰੇ ਆਪਣੇ ਮਨੁੱਖ ਦੇ ਲੇਟਕੇ ਭਿੱਟੀ ਗਈ ਹੈਂ-
21 ਤਾਂ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸੌਂਹ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸੌਂਹ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੀ ਜਾਂਘ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ
22 ਐਉਂ ਏਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੀ ਜਾਂਘ ਨੂੰ ਸਾੜੇ ਤਾਂ ਤੀਵੀਂ ਆਖੇ, “ਆਮੀਨ,ਆਮੀਨ”
23 ਤਾਂ ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮੇਸੇ
24 ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਨੂੰ ਪਿਲਾਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ
25 ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈ ਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ
26 ਤਾਂ ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਉਸ ਤੀਵੀਂ ਨੂੰ ਪਿਲਾਵੇ
27 ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭਿੱਟੀ ਗਈ ਹੈ ਅਤੇ ਉਸ ਆਪਣੇ ਮਨੁੱਖ ਦੇ ਵਿਰੁੱਧ ਦੋਸ਼ ਕੀਤਾ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾਕੇ ਕੌੜਾ ਹੋ ਜਾਵੇਗਾ ਅਰ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾਂ ਵਿੱਚ ਸਰਾਪਣ ਹੋਵੇਗੀ
28 ਪਰ ਜੇ ਤੀਵੀਂ ਭਿੱਟੀ ਨਹੀਂ ਗਈ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ।।
29 ਏਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਭਿੱਟੀ ਜਾਵੇ
30 ਯਾ ਜਦ ਕਿਸੇ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜੀ ਕਰੇ ਅਤੇ ਜਾਜਕ ਉਸ ਉੱਤੇ ਏਹ ਸਾਰੀ ਬਿਵਸਥਾ ਵਰਤੇ
31 ਇਉਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×