Bible Versions
Bible Books

Joshua 9 (PAV) Punjabi Old BSI Version

1 ਤਾਂ ਐਉਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ ਜਿਹੜੇ ਯਰਦਨ ਤੋਂ ਪਾਰ ਪਹਾੜ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ
2 ਤਾਂ ਉਨ੍ਹਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਜੁੱਧ ਕਰਨ ਲਈ ਇਕੱਠਾ ਕੀਤਾ।।
3 ਗਿਬਓਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ
4 ਤਾਂ ਓਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਓਹ ਕੇ ਆਪਣੇ ਹਲਕਾਰੇ ਆਪ ਨੂੰ ਬਣਾ ਬੈਠੇ ਅਤੇ ਓਹਨਾਂ ਨੇ ਹੰਢੀਆਂ ਹੋਈਆਂ ਗੂਣਾਂ ਆਪਣੇ ਖੋਤਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ
5 ਅਤੇ ਪੁਰਾਣੇ ਪਾਟੇ ਝੀਟੇ ਛਿੱਤ੍ਰ ਆਪਣੇ ਪੈਰੀਂ ਪਾ ਲਏ ਅਤੇ ਹੰਢੇ ਹੋਏ ਲੀੜੇ ਆਪਣੇ ਉੱਤੇ ਲੈ ਲਏ ਅਤੇ ਓਹਨਾਂ ਦੀ ਰਸਤ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ
6 ਓਹ ਯਹੋਸ਼ੁਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ ਤਾਂ ਓਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਭਈ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬੰਨ੍ਹੋ
7 ਤਾਂ ਇਸਰਾਏਲ ਦੇ ਮਨੁੱਖਾਂ ਨੇ ਓਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਤ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ਤਾਂ ਅਸੀਂ ਤੁਹਾਡੇ ਨਾਲ ਨੇਮ੍ਹ ਕਿਵੇਂ ਬੰਨ੍ਹ ਲਈਏ?
8 ਫੇਰ ਓਹਨਾਂ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ?
9 ਓਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸਾਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ
10 ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ ਅਰਥਾਤ ਸੀਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਥ ਵਿੱਚ ਸਨ
11 ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਾਹ ਦੀ ਰਸਤ ਲੈ ਕੇ ਉਨ੍ਹਾਂ ਦੇ ਮਿਲਣ ਲਈ ਜਾਓ ਅਤੇ ਉਨ੍ਹਾਂ ਨੂੰ ਆਖੋ ਭਈ ਅਸੀਂ ਤੁਹਾਡੇ ਦਾਸ ਹਾਂ ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨ੍ਹੋ
12 ਏਹ ਸਾਡੀ ਰੋਟੀ ਅਸਾਂ ਆਪਣੇ ਸੀਧੇ ਲਈ ਆਪਣਿਆਂ ਘਰਾਂ ਤੋਂ ਗਰਮ ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ
13 ਅਤੇ ਏਹੇ ਮਧ ਦੀਆਂ ਮਸ਼ਕਾਂ ਜਿਹੜੀਆਂ ਅਸਾਂ ਭਰੀਆਂ ਨਵੀਆਂ ਸਨ ਪਰਹੁਣ ਵੇਖੋ ਓਹ ਪਾਟ ਗਈਆਂ ਹਨ ਅਤੇ ਸਾਡੇ ਲੀੜੇ ਅਤੇ ਛਿੱਤ੍ਰ ਏਸ ਵੱਡੇ ਲੰਮੇ ਪੈਂਡੇ ਨਾਲ ਹੰਢ ਗਏ ਹਨ
14 ਤਾਂ ਉਨ੍ਹਾਂ ਮਨੁੱਖਾਂ ਨੇ ਓਹਨਾਂ ਦੀ ਰਸਤ ਤੋਂ ਲਿਆ ਪਰ ਉਨ੍ਹਾਂ ਨੇ ਯਹੋਵਾਹ ਦੀ ਸਲਾਹ ਨਾ ਲਈ
15 ਉਪਰੰਤ ਯਹੋਸ਼ੁਆ ਨੇ ਓਹਨਾਂ ਨਾਲ ਸੁਲਾਹ ਕਰ ਲਈ ਅਤੇ ਓਹਨਾਂ ਨਾਲ ਜੀਵਨ ਦਾ ਨੇਮ ਬੰਨ੍ਹਿਆ ਅਤੇ ਮੰਡਲੀ ਦੇ ਪਰਧਾਨਾਂ ਨੇ ਓਹਨਾਂ ਨਾਲ ਸੌਂਹ ਖਾਧੀ
16 ਤਾਂ ਐਉਂ ਹੋਇਆ ਕਿ ਉਨ੍ਹਾਂ ਦੇ ਨੇਮ ਬੰਨ੍ਹਣ ਦੇ ਤਿੰਨ ਦਿਨ ਮਗਰੋਂ ਉਨ੍ਹਾਂ ਨੇ ਸੁਣਿਆ ਕਿ ਓਹ ਉਨ੍ਹਾਂ ਦੇ ਗੁਆਂਢੀ ਹਨ ਅਤੇ ਉਨ੍ਹਾਂ ਦੇ ਵਿੱਚ ਹੀ ਵੱਸਦੇ ਹਨ।।
17 ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਓਹਨਾਂ ਦੇ ਸ਼ਹਿਰਾਂ ਵਿੱਚ ਗਏ ਅਤੇ ਓਹਨਾਂ ਦੇ ਸ਼ਹਿਰ ਗਿਬਓਨ, ਕਫ਼ੀਗਰ ਤਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸਨ
18 ਇਸਰਾਏਲੀਆਂ ਨੇ ਓਹਨਾਂ ਨੂੰ ਮਾਰਿਆ ਨਾ, ਏਸੇ ਲਈ ਕਿ ਸਭਾ ਦੇ ਪਰਧਾਨਾਂ ਨੇ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਸੀ ਅਤੇ ਸਾਰੀ ਸਭਾ ਪਰਧਾਨਾਂ ਦੇ ਵਿਰੁੱਧ ਬੁੜ ਬੁੜਾਉਣ ਲੱਗ ਪਈ
19 ਪਰ ਸਾਰਿਆਂ ਪਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸਾਂ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਹੈ ਇਸ ਲਈ ਅਸੀਂ ਓਹਨਾਂ ਨੂੰ ਹੱਥ ਨਹੀਂ ਲਾ ਸੱਕਦੇ
20 ਅਸੀਂ ਓਹਨਾਂ ਲਈ ਏਹ ਕਰਾਂਗੇ ਕਿ ਅਸੀਂ ਓਹਨਾਂ ਨੂੰ ਜੀਉਂਦੇ ਰਹਿਣ ਦੇਈਏ ਮਤੇ ਸਾਡੇ ਉੱਤੇ ਏਸ ਸੌਂਹ ਦੇ ਕਾਰਨ ਕ੍ਰੋਧ ਪਵੇ ਜਿਹੜੀ ਅਸਾਂ ਓਹਨਾਂ ਨਾਲ ਖਾਧੀ ਹੈ
21 ਤਾਂ ਪਰਧਾਨਾਂ ਨੇ ਉਨ੍ਹਾਂ ਨੂੰ ਆਖਿਆ, ਓਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਓਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪਰਧਾਨਾਂ ਨੇ ਓਹਨਾਂ ਨਾਲ ਗੱਲ ਕੀਤੀ ਸੀ
22 ਤਾਂ ਯਹੋਸ਼ੁਆ ਨੇ ਓਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸਾਂ ਸਾਨੂੰ ਏਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਕਿ ਜਦ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ
23 ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜੇਹਾ ਨਾ ਰਹੇਗਾ ਜਿਹੜਾ ਗੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ
24 ਓਹਨਾਂ ਨੇ ਯਹੋਸ਼ੁਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੂਸਾ ਆਪਣੇ ਦਾਸ ਨੂੰ ਏਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਏਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸਾਂ ਏਹ ਕੰਮ ਕੀਤਾ
25 ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ।।
26 ਤਾਂ ਉਸ ਨੇ ਓਹਨਾਂ ਨਾਲ ਓਹੋ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਓਹਨਾਂ ਨੂੰ ਬਚਾ ਦਿੱਤਾ ਸੋ ਉਨ੍ਹਾਂ ਨੇ ਓਹਨਾਂ ਨੂੰ ਨਾ ਵੱਢਿਆ
27 ਤਾਂ ਯਹੋਸ਼ੁਆ ਨੇ ਉੱਸੇ ਦਿਨ ਉਨ੍ਹਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉੱਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੀਕ ਹੀ ਠਹਿਰਾਇਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×