Bible Versions
Bible Books

John 10 (PAV) Punjabi Old BSI Version

1 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀਂ ਨਹੀਂ ਵੜਦਾ ਪਰ ਹੋਰ ਪਾਸਿਓ ਚੜ੍ਹਦਾ ਹੈ ਉਹ ਚੋਰ ਅਤੇ ਡਾਕੂ ਹੈ
2 ਪਰ ਜਿਹੜਾ ਬੂਹੇ ਥਾਣੀਂ ਵੜਦਾ ਹੈ ਉਹ ਭੇਡਾਂ ਦਾ ਅਯਾਲੀ ਹੈ
3 ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਦਾ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ
4 ਜਦ ਉਹ ਆਪਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ
5 ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ
6 ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਨੂੰ ਆਖਿਆ ਪਰ ਓਹ ਨਾ ਸਮਝੇ ਭਈ ਏਹ ਕੀ ਗੱਲਾਂ ਹਨ ਜਿਹੜੀਆਂ ਉਹ ਸਾਨੂੰ ਆਖਦਾ ਹੈ ।।
7 ਇਸ ਲਈ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਭੇਡਾਂ ਦਾ ਬੂਹਾ ਮੈਂ ਹਾਂ
8 ਸਭ ਜਿੰਨੇ ਮੈਥੋਂ ਅੱਗੇ ਆਏ ਸੋ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ
9 ਉਹ ਬੂਹਾ ਮੈਂ ਹਾਂ ਮੇਰੇ ਥਾਣੀਂ ਜੇ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ
10 ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਢੇ ਅਤੇ ਨਾਸ ਕਰੇ ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ
11 ਅੱਛਾ ਅਯਾਲੀ ਮੈਂ ਹਾਂ। ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ
12 ਜੋ ਕਾਮਾ ਹੈ ਅਤੇ ਅਯਾਲੀ ਨਹੀਂ ਜਿਹ ਦੀਆਂ ਭੇਡਾਂ ਆਪਣੀਆਂ ਨਹੀਂ ਹਨ ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਅਤੇ ਭੱਜ ਜਾਂਦਾ ਹੈ ਅਰ ਬਘਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ
13 ਓਹ ਇਸ ਲਈ ਭੱਜਦਾ ਹੈ ਜੋ ਉਹ ਕਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ
14 ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ
15 ਜਿਸ ਪਰਕਾਰ ਪਿਤਾ ਮੈਨੂੰ ਸਿਆਣਦਾ ਹੈ ਅਰ ਮੈਂ ਪਿਤਾ ਨੂੰ ਸਿਆਣਦਾ ਹਾਂ ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ
16 ਅਤੇ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ
17 ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿ ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਉਹ ਨੂੰ ਫੇਰ ਲਵਾਂ
18 ਕੋਈ ਉਸ ਨੂੰ ਮੈਥੋਂ ਖੋਹੰਦਾ ਨਹੀਂ ਪਰ ਮੈਂ ਆਪੇ ਉਸ ਨੂੰ ਦਿੰਦਾ ਹਾਂ। ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਦੇਵਾਂ ਅਤੇ ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਫੇਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ
19 ਇਨ੍ਹਾਂ ਬਚਨਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ
20 ਅਰ ਬਹੁਤੇ ਉਨ੍ਹਾਂ ਵਿੱਚੋਂ ਬੋਲੇ ਭਈ ਉਹ ਨੂੰ ਭੂਤ ਚਿੰਬੜਿਆ ਹੋਇਆ ਹੈ ਅਤੇ ਉਹ ਕਮਲਾ ਹੈ! ਕਾਹਨੂੰ ਤੁਸੀਂ ਉਹ ਦੀ ਸੁਣਦੇ ਹੋॽ
21 ਹੋਰਨਾਂ ਆਖਿਆ, ਏਹ ਗੱਲਾਂ ਭੂਤ ਦੇ ਗ੍ਰਿਸੇ ਹੋਏ ਦੀਆਂ ਨਹੀਂ ਹਨ। ਭੂਤ ਭਲਾ, ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸੱਕਦਾ ਹੈॽ।।
22 ਯਰੂਸ਼ਲਮ ਵਿੱਚ ਪਰਤਿਸਠਾ ਦਾ ਤਿਉਹਾਰ ਆਇਆ। ਉਹ ਸਿਆਲ ਦੀ ਰੁੱਤ ਸੀ
23 ਅਤੇ ਯਿਸੂ ਹੈਕਲ ਦੇ ਸੁਲੇਮਾਨ ਦੇ ਦਲਾਨ ਵਿੱਚ ਫਿਰਦਾ ਸੀ
24 ਇਸ ਲਈ ਯਹੂਦੀਆਂ ਨੇ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਆਖਿਆ, ਤੂੰ ਕਦਕੁ ਤਾਈਂ ਸਾਨੂੰ ਦੁਬਧਾ ਵਿੱਚ ਰੱਖੇਂਗਾॽ ਜੇ ਤੂੰ ਮਸੀਹ ਹੈਂ ਤਾਂ ਖੋਲ੍ਹ ਕੇ ਸਾਨੂੰ ਦੱਸ ਦਿਹ
25 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਤੁਹਾਨੂੰ ਦੱਸਿਆ ਪਰ ਤੁਸੀਂ ਪਰਤੀਤ ਨਹੀਂ ਕਰਦੇ ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਤੇ ਕਰਦਾ ਹਾਂ ਓਹ ਮੇਰੇ ਉੱਤੇ ਸਾਖੀ ਦਿੰਦੇ ਹਨ
26 ਪਰ ਤੁਸੀਂ ਪਰਤੀਤ ਨਹੀਂ ਕਰਦੇ ਕਿਉਂ ਜੋ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ
27 ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ
28 ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ
29 ਮੇਰਾ ਪਿਤਾ ਜਿਹ ਨੇ ਮੈਨੂੰ ਓਹ ਦਿੱਤੀਆ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸੱਕਦਾ
30 ਮੈਂ ਅਰ ਮੇਰਾ ਪਿਤਾ ਇੱਕੋ ਹਾਂ
31 ਯਹੂਦੀਆਂ ਨੇ ਫੇਰ ਪੱਥਰ ਚੁੱਕੇ ਜੋ ਉਹ ਨੂੰ ਪਥਰਾਹ ਕਰਨ
32 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ। ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾਹ ਕਰਦੇ ਹੋॽ
33 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾਹ ਨਹੀਂ ਕਰਦੇ ਪਰ ਕੁਫ਼ਰ ਪਿੱਛੇ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈਂ
34 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਹਾਡੀ ਸ਼ਰਾ ਵਿੱਚ ਇਹ ਨਹੀਂ ਲਿਖਿਆ ਹੋਇਆ ਹੈ ਕਿ ਮੈਂ ਆਖਿਆ, ਤੁਸੀਂ ਦਿਓਤੇ ਹੋॽ
35 ਜੇਕਰ ਉਸ ਨੇ ਉਨ੍ਹਾਂ ਨੂੰ ਦਿਓਤੇ ਆਖਿਆ ਜਿੰਨ੍ਹਾਂ ਦੇ ਕੋਲ ਪਰਮੇਸ਼ੁਰ ਦੀ ਬਾਣੀ ਆਈ, ਅਤੇ ਲਿਖਤ ਖੰਡਣ ਨਹੀਂ ਹੋ ਸੱਕਦੀ
36 ਤਾਂ ਜਿਹ ਨੂੰ ਪਿਤਾ ਨੇ ਪਵਿੱਤਰ ਕਰ ਕੇ ਜਗਤ ਵਿੱਚ ਘੱਲਿਆ, ਕੀ ਤੁਸੀਂ ਉਹ ਨੂੰ ਇਹ ਆਖਦੇ ਹੋ ਭਈ ਤੂੰ ਕੁਫ਼ਰ ਬਕਦਾ ਹੈ ਇਸ ਲਈ ਜੋ ਮੈਂ ਕਿਹਾ ਸੀ ਕਿ ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ
37 ਜੇ ਮੈਂ ਆਪਣੇ ਪਿਤਾ ਜੇਹੇ ਕੰਮ ਨਹੀਂ ਕਰਦਾ ਤਾਂ ਮੇਰੀ ਪਰਤੀਤ ਨਾ ਕਰੋ
38 ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਮੇਰੀ ਪਰਤੀਤ ਨਾ ਕਰੋ ਤਦ ਵੀ ਉਨ੍ਹਾਂ ਕੰਮਾਂ ਦੀ ਪਰਤੀਤ ਕਰੋ ਤਾਂ ਤੁਸੀਂ ਜਾਣੋ ਅਤੇ ਸਮਝੋ ਜੋ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਦੇ ਵਿੱਚ ਹਾਂ
39 ਓਹ ਫੇਰ ਉਸ ਦੇ ਫੜਨ ਦੇ ਮਗਰ ਲੱਗੇ ਪਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।।
40 ਉਹ ਫੇਰ ਯਰਦਨ ਦੇ ਪਾਰ ਉਸ ਥਾਂ ਨੂੰ ਚੱਲਿਆ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ ਅਰ ਉੱਥੇ ਟਿਕਿਆ
41 ਬਥੇਰੇ ਉਸ ਕੋਲ ਆਏ ਅਤੇ ਬੋਲੇ ਕਿ ਯੂਹੰਨਾ ਨੇ ਤਾਂ ਕੋਈ ਨਿਸ਼ਾਨ ਨਹੀਂ ਵਿਖਾਇਆ ਪਰ ਜੋ ਕੁਝ ਯੂਹੰਨਾ ਨੇ ਇਹ ਦੇ ਹੱਕ ਵਿੱਚ ਆਖਿਆ ਸੋ ਸਤ ਸੀ
42 ਅਰ ਉੱਥੇ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×