Bible Versions
Bible Books

Psalms 18 (PAV) Punjabi Old BSI Version

1 ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।
2 ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਙ ਅਤੇ ਮੇਰਾ ਉੱਚਾ ਗੜ੍ਹ।
3 ਮੈਂ ਯਹੋਵਾਹ ਨੂੰ ਜਿਹੜਾ ਉਸਤਤ ਜੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ।
4 ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ,
5 ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਧੇ ਮੇਰੇ ਸਾਹਮਣੇ ਹੋਏ।
6 ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ ਕੰਨਾਂ ਤੀਕ ਪੁੱਜੀ।
7 ਤਾਂ ਧਰਤੀ ਕੰਬ ਗਈ ਅਰ ਥਰ ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਉਹ ਕ੍ਰੋਧਵਾਨ ਜੋ ਹੋ ਗਿਆ ਸੀ!
8 ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ ਦਗ ਕਰਨ ਲੱਗੇ।
9 ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਅਨ੍ਹੇਰਾ ਸੀ।
10 ਤਾਂ ਉਹ ਕਰੂਬੀ ਉੱਤੇ ਚੜ੍ਹ ਕੇ ਉੱਡਿਆ, ਹਾਂ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ।
11 ਉਸ ਨੇ ਅਨ੍ਹੇਰੇ ਨੂੰ ਆਪਣਾ ਗੁਪਤ ਅਸਥਾਨ, ਕਾਲੇ ਜਲਾਂ ਅਰ ਅਕਾਸ਼ ਦੀਆਂ ਘਟਾਂ ਨੂੰ ਆਪਣੇ ਆਲੇ ਦੁਆਲੇ ਦਾ ਮੰਡਪ ਬਣਾਇਆ।
12 ਉਹ ਦੇ ਅੱਗੇ ਦੀ ਦਮਕ ਤੋਂ ਅਤੇ ਉਹ ਦੀਆਂ ਘਟਾਂ ਦੇ ਵਿੱਚੋਂ ਗੜੇ ਅਰ ਅੰਗਿਆਰੇ ਨਿੱਕਲੇ।
13 ਤਾਂ ਯਹੋਵਾਹ ਅਕਾਸ਼ ਵਿੱਚ ਗਰਜਿਆ, ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ, ਗੜੇ ਅਤੇ ਅੰਗਿਆਰੇ
14 ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਛਿੰਨ ਭਿੰਨ ਕੀਤਾ, ਅਤੇ ਬਿਜਲੀਆਂ ਲਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ।
15 ਤਾਂ ਤੇਰੇ ਘੁਰਕਣ ਦੇ ਕਾਰਨ, ਹੇ ਯਹੋਵਾਹ, ਤੇਰੀਆਂ ਨਾਸ਼ਾਂ ਦੇ ਸੁਆਸ ਦੇ ਝੋਕੇ ਦੇ ਕਾਰਨ, ਪਾਣੀ ਦੀਆਂ ਨਾਲੀਆਂ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।
16 ਉਹ ਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ, ਉਹ ਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢਿਆ,
17 ਮੇਰੇ ਬਲਵੰਤ ਵੈਰੀ ਤੋਂ ਉਹ ਨੇ ਮੈਨੂੰ ਛੁਡਾਇਆ, ਅਤੇ ਓਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ,
18 ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰੀ ਟੇਕ ਸੀ।
19 ਉਹ ਮੈਨੂੰ ਖੁਲ੍ਹੇ ਅਸਥਾਨ ਵਿੱਚ ਕੱਢ ਲਿਆਇਆ, ਉਹ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪਰਸੰਨ ਸੀ।
20 ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ,
21 ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਨਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁਖ ਨਹੀਂ ਹੋਇਆ।
22 ਉਹ ਦੇ ਸਾਰੇ ਨਿਆਉਂ ਮੇਰੇ ਸਾਹਮਣੇ ਰਹੇ, ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ।
23 ਮੈਂ ਉਹ ਦੇ ਨਾਲ ਪੂਰਾ ਉਤਰਿਆ, ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ।
24 ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, ਅਤੇ ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ।
25 ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਏਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਏਂਗਾ।
26 ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ, ਅਤੇ ਹਾਠੇ ਲਈ ਤੂੰ ਆਪਣੇ ਆਪ ਨੂੰ ਹਾਠਾ ਵਿਖਾਏਂਗਾ।
27 ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਉੱਚੀਆਂ ਅੱਖਾਂ ਨੂੰ ਨੀਵਿਆਂ ਕਰੇਂਗਾ।
28 ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਅਨ੍ਹੇਰੇ ਨੂੰ ਚਾਨਣ ਕਰਦਾ ਹੈ।
29 ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿੱਚੋਂ ਦੀ ਭੱਜ ਸੱਕਦਾ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸੱਕਦਾ ਹਾਂ,
30 ਪਰਮੇਸ਼ੁਰ ਦਾ ਰਾਹ ਪੂਰਾ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ।
31 ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ, ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈॽ
32 ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ।
33 ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜੇਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰਿਆਂ ਉੱਚਿਆਂ ਥਾਂਵਾਂ ਉੱਤੇ ਖੜਾ ਕਰਦਾ ਹੈ।
34 ਉਹ ਮੇਰੇ ਹੱਥਾਂ ਨੂੰ ਜੁੱਧ ਕਰਨਾ ਇਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁਖ ਝੁਕਾ ਦਿੰਦੀਆਂ ਹਨ।
35 ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।
36 ਤੈਂ ਮੇਰੇ ਹੇਠ ਮੇਰਿਆਂ ਕਦਮਾਂ ਨੂੰ ਵਧਾਇਆ ਹੈ, ਅਤੇ ਮੇਰੇ ਪੈਰ ਨਹੀਂ ਤਿਲਕੇ।।
37 ਮੈਂ ਆਪਣਿਆਂ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ।
38 ਮੈਂ ਉਨ੍ਹਾਂ ਨੂੰ ਅਜਿਹਾ ਫੰਡਿਆ ਕਿ ਓਹ ਫੇਰ ਨਾ ਉੱਠ ਸੱਕੇ, ਓਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ
39 ਤੈਂ ਜੁੱਧ ਦੇ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ ਹੈ, ਤੈਂ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ
40 ਤੈਂ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆ ਨਾਸ ਕੀਤਾ।
41 ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਅੱਗੇ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ।
42 ਫੇਰ ਮੈਂ ਉਨ੍ਹਾਂ ਨੂੰ ਹਵਾ ਨਾਲ ਉੱਡਦੀ ਧੂੜ ਵਾਂਙੁ ਪੀਹ ਸੁੱਟਿਆ, ਰਸਤੇ ਦੇ ਚਿੱਕੜ ਵਾਂਙੁ ਉਨ੍ਹਾਂ ਨੂੰ ਸੁੱਟ ਦਿੱਤਾ।
43 ਤੈਂ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੈਂ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ, ਜਿਨ੍ਹਾਂ ਲੋਕਾਂ ਨੂੰ ਮੈਂ ਨਹੀ ਜਾਤਾ ਉਨ੍ਹਾਂ ਨੇ ਮੇਰੀ ਸੇਵਾ ਕੀਤੀ।
44 ਸੁਣਦਿਆਂ ਸਾਰ ਓਹ ਅਧੀਨ ਹੋ ਗਏ, ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ।
45 ਪਰਦੇਸ਼ੀ ਕੁਮਲਾ ਗਏ, ਅਤੇ ਆਪਣੇ ਕੋਟਾਂ ਵਿੱਚੋਂ ਥਰਥਰਾਉਂਦੇ ਹੋਏ ਨਿੱਕਲੇ।।
46 ਯਹੋਵਾਹ ਜੀਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ, ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ!
47 ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ,
48 ਜਿਹ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ, ਹਾਂ, ਤੈਂ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ।
49 ਏਸੇ ਕਾਰਨ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ।
50 ਉਹ ਆਪਣੇ ਪਾਤਸ਼ਾਹ ਨੂੰ ਵੱਡੇ ਬਚਾਓ ਦਿੰਦਾ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ ਅਰਥਾਤ ਦਾਊਦ ਅਤੇ ਉਹ ਦੀ ਅੰਸ ਉੱਤੇ ਸਦਾ ਤੀਕ ਦਯਾ ਕਰਦਾ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×