Bible Versions
Bible Books

2 Chronicles 23 (PAV) Punjabi Old BSI Version

1 ਸੱਤਵੇਂ ਵਰਹੇ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਾਦਾਰਾਂ ਨੂੰ ਅਰਥਾਤ ਯਹੋਰਾਮ ਦੇ ਪੁੱਤ੍ਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤ੍ਰ ਇਸ਼ਮਾਏਲ ਤੇ ਓਬੇਦ ਦੇ ਪੁੱਤ੍ਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤ੍ਰ ਮਅਸੇਯਾਹ ਤੇ ਜ਼ਿਕਰੀ ਦੇ ਪੁੱਤ੍ਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ
2 ਓਹ ਯਹੂਦਾਹ ਵਿੱਚ ਘੁੰਮੇ ਅਤੇ ਯਹੂਦਾਹ ਦੇ ਸਾਰਿਆਂ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ ਅਤੇ ਓਹ ਯਰੂਸ਼ਲਮ ਵਿੱਚ ਆਏ
3 ਅਤੇ ਸਾਰੀ ਸਭਾ ਨੇ ਪਰਮੇਸ਼ੁਰ ਦੇ ਭਵਨ ਵਿੱਚ ਪਾਤਸ਼ਾਹ ਨਾਲ ਨੇਮ ਬਨ੍ਹਿਆ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਇਹ ਰਾਜਕੁਮਾਰ ਜਿਵੇਂ ਯਹੋਵਾਹ ਨੇ ਦਾਊਦ ਦੀ ਵੰਸ਼ ਦੇ ਵਿਖੇ ਆਖਿਆ ਹੈ ਰਾਜ ਕਰੇਗਾ
4 ਤੁਸਾਂ ਏਹ ਕੰਮ ਕਰਨਾ ਜਾਜਕਾਂ ਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਕੇ ਫਾਟਕਾਂ ਦੇ ਦਰਬਾਨ ਹੋਣ
5 ਅਤੇ ਇੱਕ ਤਿਹਈ ਸ਼ਾਹੀ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ
6 ਪਰ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਬਿਨਾ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਓਹ ਪਵਿੱਤ੍ਰ ਹਨ ਪਰ ਸਾਰੇ ਲੋਕ ਯਹੋਵਾਹ ਲਈ ਜ਼ੁਮੇਵਾਰੀ ਦੀ ਰਾਖੀ ਕਰਨ
7 ਅਤੇ ਲੇਵੀ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚੁਫੇਰਿਓਂ ਘੇਰੀ ਰੱਖਣ ਅਰ ਜੋ ਕੋਈ ਭਵਨ ਦੇ ਅੰਦਰ ਆਵੇ ਉਹ ਮਾਰਿਆ ਜਾਵੇ ਸੋ ਤੁਸੀਂ ਪਾਤਸ਼ਾਹ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ ਨਾਲ ਰਹਿਓ
8 ਸੋ ਲੇਵੀਆਂ ਤੇ ਸਾਰੇ ਯਹੂਦੀਆਂ ਨੇ ਸਭ ਕੁਝ ਓਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀਵਾਲੀਆਂ ਨੂੰ ਰੁਖਸਤ ਨਹੀਂ ਕੀਤਾ ਸੀ
9 ਅਤੇ ਯਹੋਯਾਦਾ ਜਾਜਕ ਨੇ ਦਾਊਦ ਪਾਤਸ਼ਾਹ ਦੀਆਂ ਬਰਛੀਆਂ ਤੇ ਫਰੀਆਂ ਤੇ ਢਾਲਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਸਨ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ
10 ਤਾਂ ਉਸ ਨੇ ਸਾਰੇ ਲੋਕਾਂ ਨੂੰ ਜੋ ਆਪਣਾ ਆਪਣਾ ਸ਼ਸਤ੍ਰ ਹੱਥ ਵਿੱਚ ਫੜੇ ਸਨ ਭਵਨ ਦੇ ਸੱਜੇ ਖੂੰਜਿਓਂ ਲੈ ਕੇ ਭਵਨ ਦੇ ਖੱਬੇ ਖੂੰਜੇ ਤਾਈਂ ਜਗਵੇਦੀ ਤੇ ਭਵਨ ਦੇ ਲਾਂਭੇ ਲਾਂਭੇ ਪਾਤਸ਼ਾਹ ਦੇ ਦੁਆਲੇ ਖੜਾ ਕਰ ਦਿੱਤਾ
11 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤ੍ਰ ਨੂੰ ਬਾਹਰ ਲਿਆ ਕੇ ਉਹ ਦੇ ਤੇ ਮੁਕਟ ਰੱਖਿਆ ਅਰ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਰ ਯਹੋਯਾਦਾ ਤੇ ਉਹ ਦੇ ਪੁੱਤ੍ਰਾਂ ਨੇ ਉਹ ਨੂੰ ਮਸਹ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਪਾਤਸ਼ਾਹ ਜੀਉਂਦਾ ਰਹੇ!।।
12 ਜਦ ਅਥਲਯਾਹ ਨੇ ਲੋਕਾਂ ਦੇ ਰੌਲਾ ਸੁਣਿਆ ਜੋ ਦੌੜ ਦੌੜ ਕੇ ਪਾਤਸ਼ਾਹ ਦੀ ਉਪਮਾ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਭਵਨ ਵਿੱਚ ਲੋਕਾਂ ਦੇ ਕੋਲ ਆਈ
13 ਜਦ ਨਿਗਾਹ ਕੀਤੀ ਤਾਂ ਵੇਖੋ, ਪਾਤਸ਼ਾਹ ਆਪਣੇ ਥੰਮ੍ਹ ਦੇ ਕੋਲ ਫਾਟਕ ਵੱਲ ਖਲੋਤਾ ਸੀ ਅਰ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਅਰ ਦੇਸ ਦੇ ਸਾਰੇ ਖੁਸ਼ੀਆਂ ਮਨਾਉਂਦੇ ਅਰ ਤੁਰ੍ਹੀਆਂ ਵਜਾਉਂਦੇ ਸਨ ਅਤੇ ਗਾਉਣ ਵਾਲੇ ਵਾਜਿਆਂ ਨਾਲ ਉਪਮਾ ਕਰਨ ਵਿੱਚ ਅਗਵਾਈ ਕਰਦੇ ਸਨ ਸੋ ਅਥਲਯਾਹ ਨੇ ਆਪਣੇ ਲੀੜੇ ਪਾੜੇ ਅਰ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
14 ਤਦ ਯਹੋਯਾਦਾ ਜਾਜਕ ਨੇ ਸੌ ਸੌ ਦੇ ਸਰਦਾਰਾਂ ਨੂੰ ਜੋ ਫੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਤੇ ਜੋ ਕੋਈ ਉਹ ਦੇ ਪਿੱਛੇ ਆਵੇ ਉਹ ਤਲਵਾਰ ਨਾਲ ਵੱਢਿਆ ਜਾਵੇ ਕਿਉਂ ਜੋ ਜਾਜਕ ਨੇ ਆਖਿਆ, ਉਹ ਨੂੰ ਯਹੋਵਾਹ ਦੇ ਭਵਨ ਵਿੱਚ ਨਾ ਮਾਰੋ
15 ਸੋ ਉਨ੍ਹਾਂ ਨੇ ਉਹ ਦੇ ਉੱਤੇ ਹੱਥ ਪਾਏ ਅਤੇ ਜਦ ਉਹ ਪਾਤਸ਼ਾਹ ਦੇ ਮਹਿਲ ਦੇ ਘੋੜਿਆਂ ਦੇ ਫਾਟਕ ਕੋਲ ਆਈ ਤਾਂ ਉਨ੍ਹਾਂ ਨੇ ਉਹ ਨੂੰ ਉੱਥੇ ਮਾਰ ਦਿੱਤਾ।।
16 ਫੇਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਪਾਤਸ਼ਾਹ ਦੇ ਵਿਚਕਾਰ ਨੇਮ ਬੰਨ੍ਹਿਆ ਕਿ ਓਹ ਯਹੋਵਾਹ ਦੀ ਪਰਜਾ ਹੋਣ
17 ਅਤੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਰ ਉਸ ਨੂੰ ਢਾਹ ਦਿੱਤਾ ਅਤੇ ਉਹ ਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉੱਕਾ ਹੀ ਚਰਨਾ ਚੂਰ ਕਰ ਛੱਡਿਆ ਅਰ ਬਆਲ ਦੇ ਪੂਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ
18 ਅਤੇ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਵੰਡ ਦਿੱਤਾ ਸੀ ਥਾਪਿਆ ਕਿ ਓਹ ਯਹੋਵਾਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਊਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ
19 ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਫਾਟਕਾਂ ਉੱਤੇ ਦਰਬਾਨ ਰੱਖੇ ਤਾਂ ਜੋ ਕੋਈ ਜਣਾ ਜੋ ਕਿਸੀ ਗੱਲ ਵਿਚ ਅਸ਼ੁੱਧ ਹੋਵੇ ਵੜੇ ਨਾ
20 ਅਤੇ ਉਸ ਨੇ ਸੌ ਸੌ ਦੇ ਸਰਦਾਰਾਂ ਅਰ ਸ਼ਰੀਫ਼ਾਂ ਅਰ ਲੋਕਾਂ ਦੇ ਹਾਕਮਾਂ ਅਰ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਰ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਓਹ ਉੱਚੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਰਾਜ ਗੱਦੀ ਉੱਤੇ ਬਿਰਾਜਮਾਨ ਕੀਤਾ
21 ਅਤੇ ਦੇਸ ਦੀਆਂ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ ਅਰ ਸ਼ਹਿਰ ਵਿੱਚ ਅਮਨ ਸੀ। ਸੋ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×