Bible Versions
Bible Books

Isaiah 51 (PAV) Punjabi Old BSI Version

1 ਹੇ ਧਰਮ ਦੇ ਪੈਰਾਓ, ਯਹੋਵਾਹ ਦੇ ਤਾਲਿਬੋ, ਮੇਰੀ ਸੁਣੋ! ਉਸ ਚਟਾਨ ਵੱਲ ਜਿੱਥੋਂ ਤੁਸੀਂ ਕੱਟੇ ਗਏ, ਅਤੇ ਉਸ ਟੋਏ ਦੇ ਛੇਕ ਵੱਲ ਜਿੱਥੇ ਤੁਸੀਂ ਪੁੱਟੇ ਗਏ, ਧਿਆਨ ਕਰੋ!
2 ਆਪਣੇ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਤੁਹਾਨੂੰ ਜਣਿਆ, ਜਦ ਉਹ ਇੱਕੋ ਸੀ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਰ ਉਹ ਨੂੰ ਵਧਾਇਆ।
3 ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ, ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਙੁ ਬਣਾ ਦੇਵੇਗਾ, ਖੁਸੀ ਅਰ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਰ ਭਜਨ ਦੀ ਅਵਾਜ਼ ਵੀ।।
4 ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਉਮੱਤ, ਮੇਰੀ ਵੱਲ ਕੰਨ ਲਾਓ! ਬਿਵਸਥਾ ਤਾਂ ਮੈਥੋਂ ਨਿੱਕਲੇਗੀ, ਅਤੇ ਮੈਂ ਆਪਣਾ ਇਨਸਾਫ਼ ਲੋਕਾਂ ਦੇ ਚਾਨਣ ਲਈ ਰੱਖ ਛੱਡਾਂਗਾ।
5 ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਉਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।
6 ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਕਰੋ, ਅਕਾਸ਼ ਤਾਂ ਧੂੰਏਂ ਵਾਂਙੁ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਙੁ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਛਰਾਂ ਵਾਂਙੁ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ।।
7 ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ। ਮਨੁੱਖਾਂ ਦੀਆਂ ਊਜਾਂ ਤੋਂ ਨਾ ਡਰੋ, ਅਤੇ ਓਹਨਾਂ ਦੇ ਦੂਰਬਚਨਾਂ ਤੋਂ ਨਾ ਘਾਬਰੋ,
8 ਕਿਉਂ ਜੋ ਕੀੜਾ ਓਹਨਾਂ ਨੂੰ ਕੱਪੜੇ ਵਾਂਙੁ ਖਾ ਜਾਵੇਗਾ, ਅਤੇ ਲੇਹਾ ਓਹਨਾਂ ਨੂੰ ਉੱਨ ਵਾਂਙੁ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੀਕ।।
9 ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀਏ ਭੁਜਾ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਪਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ! ਕੀ ਤੂੰ ਉਹ ਨਹੀਂ ਜਿਹ ਨੇ ਰਹਬ ਨੂੰ ਟੋਟੇ ਟੋਟੇ ਕਰ ਦਿੱਤਾ ਅਤੇ ਸਰਾਲ ਨੂੰ ਵਿੰਨ੍ਹਿਆ?
10 ਕੀ ਤੂੰ ਉਹ ਨਹੀਂ ਜਿਹ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ? ਜਿਹ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?
11 ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ, ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਸ ਜਾਣਗੇ।।
12 ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਙੁ ਹੋ ਜਾਵੇਗਾ?
13 ਤੈਂ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰਿਆ, ਜੋ ਅਕਾਸ਼ ਦਾ ਤਾਣਨ ਵਾਲਾ ਤੇ ਧਰਤੀ ਦੀ ਨੀਉਂ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਦ ਉਹ ਨਾਸ ਕਰਨ ਲਈ ਤਿਆਰ ਹੋਵੇ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?
14 ਝੁੱਕਿਆ ਹੋਇਆ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਗੋਰ ਵਿੱਚ ਨਾ ਜਾਵੇਗਾ, ਨਾ ਉਹ ਦੀ ਰੋਟੀ ਘਟੇਗੀ।।
15 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਉਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, - ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ!
16 ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਭਈ ਤੂੰ ਅਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਉਂ ਰੱਖਾ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।।
17 ਹੇ ਯਰੂਸ਼ਲਮ ਜਾਗ, ਜਾਗ! ਖੜਾ ਹੋ ਜਾਹ! ਤੂੰ ਜਿਹ ਨੇ ਯਹੋਵਾਹ ਦੇ ਹੱਥੋਂ ਉਹ ਦੇ ਗੁੱਸੇ ਦਾ ਜਾਮ ਪੀਤਾ, ਡਗਮਗਾਉਣ ਦੇ ਜਾਮ ਨੂੰ ਪੀ ਕੇ ਸੱਖਣਾ ਕੀਤਾ।
18 ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਉਹ ਜਣੀ, ਕੋਈ ਆਗੂ ਉਹ ਦੇ ਲਈ ਨਹੀਂ, ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਓਸ ਪਾਲਿਆ, ਕੋਈ ਨਹੀਂ ਜੋ ਉਹ ਦਾ ਹੱਥ ਫੜੇ।
19 ਏਹ ਦੋ ਗੱਲਾਂ ਤੇਰੇ ਉੱਤੇ ਪਈਆਂ, ਕੌਣ ਤੇਰੇ ਲਈ ਹਾਂ ਕਰੇਗਾ? ਬਰਬਾਦੀ ਤੇ ਭੰਨ ਤੋੜ ਕਾਲ ਤੇ ਤਲਵਾਰ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20 ਤੇਰੇ ਪੁੱਤ੍ਰ ਬੇਹੋਸ਼ ਹੋ ਗਏ, ਓਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਲੇਟੇ ਪਏ ਹਨ, ਜਿਵੇਂ ਹਰਨ ਜਾਲ ਵਿੱਚ, ਓਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।।
21 ਏਸ ਲਈ ਤੂੰ ਜੋ ਦੁਖੀ ਹੈਂ ਏਹ ਸੁਣ, ਅਤੇ ਮਸਤ ਹੈਂ ਪਰ ਮਧ ਨਾਲ ਨਹੀਂ।
22 ਤੇਰਾ ਪ੍ਰਭੁ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਐਉਂ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ ਹੈ, ਮੇਰੇ ਗੁੱਸੇ ਦਾ ਕਟੋਰਾ, ਤੂੰ ਏਹ ਫੇਰ ਕਦੀ ਨਾ ਪੀਵੇਂਗੀ।
23 ਮੈਂ ਉਹ ਨੂੰ ਤੇਰੇ ਦੁਖ ਦੇਣ ਵਾਲਿਆਂ ਦੇ ਹੱਥ ਵਿੱਚ ਰੱਖਾਂਗਾ, ਜਿਨ੍ਹਾਂ ਨੇ ਤੇਰੀ ਜਾਨ ਨੂੰ ਆਖਿਆ ਸੀ, ਝੁਕ ਜਾਹ, ਭਈ ਅਸੀਂ ਲੰਘੀਏ! ਤਾਂ ਤੈਂ ਆਪਣੀ ਪਿੱਠ ਨੂੰ ਧਰਤੀ ਵਾਂਙੁ, ਅਤੇ ਓਹਨਾਂ ਦੇ ਲੰਘਣ ਲਈ ਗਲੀ ਵਾਂਙੁ ਬਣਾਇਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×