Bible Versions
Bible Books

Leviticus 23 (PAV) Punjabi Old BSI Version

1 ਯਹੋਵਾਹ ਮੂਸਾ ਨਾਲ ਬੋਲਿਆ ਕਿ
2 ਇਸਰਾਏਲੀਆਂ ਨੂੰ ਐਉਂ ਬੋਲ, ਜਿਹੜੇ ਯਹੋਵਾਹ ਦੇ ਪਰਬ ਹਨ, ਜੋ ਤੁਸਾਂ ਪਵਿੱਤ੍ਰ ਮੇਲੇ ਕਰਨੇ ਸੋ ਏਹ ਮੇਰੇ ਪਰਬ ਹਨ
3 ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸਰਾਮ ਦਾ ਸਬਤ ਇੱਕ ਪਵਿੱਤ੍ਰ ਮੇਲਾ ਹੈ, ਤੁਸਾਂ ਉਸ ਦੇ ਵਿੱਚ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਯਹੋਵਾਹ ਦਾ ਸਬਤ ਹੈ।।
4 ਜਿਹੜੇ ਤੁਸਾਂ ਉਨ੍ਹਾਂ ਦਿਆਂ ਵੇਲਿਆਂ ਸਿਰ ਹੋਕਾ ਦੇਣਾ ਹੈ, ਸੋ ਯਹੋਵਾਹ ਦੇ ਪਰਬ ਅਤੇ ਪਵਿੱਤ੍ਰ ਮੇਲੇ ਏਹ ਹਨ
5 ਪਹਿਲੇ ਮਹੀਨੇ ਦੀ ਚੌਧਵੀਂ ਮਿਤੀ ਨੂੰ ਸੰਧਿਆ ਵੇਲੇ ਤਾਈਂ ਯਹੋਵਾਹ ਦਾ ਪਸਾਹਦਾ ਪਰਬ ਹੈ
6 ਅਤੇ ਉਸ ਮਹੀਨੇ ਦੀ ਪੰਧ੍ਰਵੀਂ ਮਿਤੀ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਸੱਤ ਦਿਨ ਤੋੜੀ ਤੁਸਾਂ ਪਤੀਰੀ ਰੋਟੀ ਖਾਣੀ
7 ਪਹਿਲੇ ਦਿਨ ਤੁਸਾਂ ਪਵਿੱਤ੍ਰ ਮੇਲਾ ਕਰਨਾ, ਉਸ ਦੇ ਵਿੱਚ ਤੁਸਾਂ ਕੋਈ ਕੰਮ ਧੰਦਾ ਨਾ ਕਰਨਾ
8 ਪਰ ਤੁਸਾਂ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਚੜ੍ਹਾਉਣੀ ਅਤੇ ਸੱਤਵੇਂ ਦਿਨ ਪਵਿੱਤ੍ਰ ਮੇਲਾ ਹੋਵੇ, ਉਸ ਦੇ ਵਿੱਚ ਤੁਸਾਂ ਕੋਈ ਕੰਮ ਧੰਦਾ ਨਾ ਕਰਨਾ।।
9 ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
10 ਇਸਰਾਏਲੀਆਂ ਨਾਲ ਗੱਲ਼ ਕਰ ਅਤੇ ਐਉਂ ਓਹਨਾਂ ਨੂੰ ਆਖ ਭਈ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਗਏ ਹੋ ਅਤੇ ਉਸ ਦੀ ਹਾੜੀ ਭੀ ਵੱਢੋਗੇ ਤਾਂ ਤੁਸਾਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ
11 ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆਂ ਜਾਏ, ਉਸ ਸਬਤ ਦੇ ਅਗਲੇ ਭਲਕ ਨੂੰ ਜਾਜਕ ਉਸ ਨੂੰ ਹਿਲਾਵੇ
12 ਅਤੇ ਓਸੇ ਦਿਨ ਜਿਸ ਦੇ ਵਿੱਚ ਤੁਸੀਂ ਉਸ ਪੂਲੇ ਨੂੰ ਹਿਲਾਓ ਤੁਸਾਂ ਇੱਕ ਬੱਜ ਤੋਂ ਰਹਿਤ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਪਹਿਲੇ ਵਰਹੇ ਦਾ ਇੱਕ ਲੇਲਾ ਚੜ੍ਹਾਉਣਾ
13 ਅਤੇ ਉਸ ਮੈਦੇ ਦੀ ਭੇਟ ਜੋ ਹੈ, ਸੋ ਤੇਲ ਨਾਲ ਰਲੇ ਹੋਏ ਦੋ ਦਸਵੰਧ ਮੈਦੇ ਦੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਇੱਕ ਦਾਖਰਸ ਦੇ ਕੁੱਪੇ ਦੀ ਚੁਥਾਈ ਉਸ ਦੀ ਪੀਣ ਦੀ ਭੇਟ ਹੋਵੇ
14 ਅਤੇ ਜਿਸ ਦਿਨ ਤਾਂਈ ਤੁਸੀਂ ਆਪਣੇ ਪਰਮੇਸ਼ੁਰ ਅੱਗੇ ਇੱਕ ਭੇਟ ਨਾ ਲਿਆਓ, ਉਸ ਦਿਨ ਤੋੜੀ ਤੁਸਾਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ, ਨਾ ਹਰੇ ਸਿੱਟੇ ਖਾਣੇ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ।।
15 ਅਤੇ ਉਸ ਸਬਤ ਦੇ ਅਗਲੇ ਭਲਕ ਤੋਂ ਉਸ ਦਿਨ ਤੋਂ ਜੋ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ ਤੁਸੀਂ ਸੱਤ ਸਬਤ ਪੂਰੇ ਗਿਣਨੇ
16 ਅਰਥਾਤ ਸੱਤਵੇਂ ਸਬਤ ਦੇ ਅਗਲੇ ਭਲਕ ਤਾਈਂ ਤੁਸਾਂ ਪੰਜਾਹ ਦਿਨ ਗਿਣਨੇ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਮੈਦੇ ਦੀ ਭੇਟ ਨਵੀਂ ਚੜ੍ਹਾਉਣੀ
17 ਤੁਸਾਂ ਆਪਣੇ ਵਸੇਬਿਆਂ ਵਿੱਚੋਂ ਦੋ ਦਸਵੰਧਾ ਦੇ ਦੋ ਹਿਲਾਉਣ ਦੀਆਂ ਰੋਟੀਆਂ ਕੱਢਣੀਆਂ, ਓਹ ਮੈਦੇ ਦੀਆਂ ਹੋਣ, ਓਹ ਖਮੀਰ ਨਾਲ ਗੁੰਨ੍ਹੀਆਂ ਜਾਣ, ਉਹ ਯਹੋਵਾਹ ਦੇ ਅੱਗੇ ਪਹਿਲਾ ਫਲ ਹੈ
18 ਅਤੇ ਤੁਸਾਂ ਉਨ੍ਹਾਂ ਰੋਟੀਆਂ ਦੇ ਨਾਲ ਬੱਜ ਤੋਂ ਰਹਿਤ ਪਹਿਲੇ ਵਰਹੇ ਦੇ ਸੱਤ ਲੇਲੇ ਅਤੇ ਇੱਕ ਜੁਆਨ ਬਲਦ ਅਤੇ ਦੋ ਛੱਤ੍ਰੇ ਚੜ੍ਹਾਉਣੇ। ਉਹ ਉਨ੍ਹਾਂ ਦੇ ਮੈਦੇ ਦੀਆਂ ਭੇਟਾਂ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਸਣੇ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਹੋਵੇ, ਅਰਥਾਤ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ
19 ਫੇਰ ਤੁਸਾਂ ਬੱਕਰਿਆਂ ਦੀ ਇੱਕ ਪੱਠ ਪਾਪ ਦੀ ਭੇਟ ਕਰਕੇ ਅਤੇ ਪਹਿਲੇ ਵਰਹੇ ਦੇ ਦੋ ਲੇਲੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਚੜ੍ਹਾਉਣੇ।
20 ਅਤੇ ਜਾਜਕ ਉਨ੍ਹਾਂ ਪਹਿਲੇ ਫਲ ਦੀ ਰੋਟੀ ਸਣੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਦੋਹਾਂ ਲੇਲਿਆਂ ਸਣੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤ੍ਰ ਹੋਣ
21 ਅਤੇ ਓਸੇ ਦਿਨ ਤੁਸਾਂ ਆਪਣੇ ਲਈ ਇੱਕ ਪਵਿੱਤ੍ਰ ਮੇਲੇ ਦਾ ਹੋਕਾ ਦੇਣਾ। ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੋੜੀ ਇੱਕ ਸਦਾ ਦੀ ਬਿਧੀ ਠਹਿਰੇ।।
22 ਅਤੇ ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਹਾੜੀ ਵੱਢੋ ਤਾਂ ਤੂੰ ਵੱਢਣ ਵੇਲੇ ਆਪਣੀ ਪੈਲੀ ਦੀਆਂ ਨੁੱਕਰਾਂ ਸਾਰੀਆਂ ਨਾ ਵੱਢੀਂ, ਨਾ ਤੂੰ ਆਪਣੀ ਹਾੜੀ ਦਾ ਕੋਈ ਸਿਲਾ ਚੁਗੀਂ। ਤੂੰ ਉਨ੍ਹਾਂ ਨੂੰ ਕੰਗਾਲ ਅਤੇ ਓਪਰੇ ਦੇ ਲਈ ਛੱਡੀਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
23 ਨਾਲੇ ਮੂਸਾ ਯਹੋਵਾਹ ਨਾਲ ਬੋਲਿਆ ਕਿ
24 ਇਸਰਾਏਲ ਦੇ ਪਰਵਾਰ ਨੂੰ ਬੋਲ ਕਿ ਸੱਤਵੇਂ ਮਹੀਨੇ ਨੂੰ, ਮਹੀਨੇ ਦੀ ਪਹਿਲੀ ਮਿਤੀ ਵਿੱਚ ਤੁਸਾਂ ਇੱਕ ਸਬਤ, ਇੱਕ ਤੁਰ੍ਹੀ ਵਜਾਉਣ ਦਾ ਸਿਮਰਨਾ, ਇੱਕ ਪਵਿੱਤ੍ਰ ਮੇਲਾ ਕਰਨ
25 ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ ਪਰ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ।।
26 ਅਤੇ ਯਹੋਵਾਹ ਮੂਸਾ ਨਾਲ ਬੋਲਿਆ ਕਿ
27 ਨਾਲੇ ਇਸੇ ਸੱਤਵੇਂ ਮਹੀਨੇ ਦੀ ਦਸਵੀਂ ਮਿਤੀ ਨੂੰ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਇੱਕ ਪਵਿੱਤ੍ਰ ਮੇਲਾ ਹੋਵੇ ਅਤੇ ਤੁਸਾਂ ਆਪਣਿਆਂ ਪ੍ਰਾਣਾਂ ਨੂੰ ਔਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ
28 ਅਤੇ ਤੁਸਾਂ ਉਸ ਦਿਨ ਵਿੱਚ ਕੋਈ ਕੰਮ ਨਾ ਕਰਨਾ ਕਿਉਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕਰਨ ਨੂੰ, ਇਹ ਪ੍ਰਾਸਚਿਤ ਦਾ ਦਿਨ ਹੈ
29 ਕਿਉਂ ਕਿ ਜਿਹੜਾ ਪ੍ਰਾਣੀ ਓਸ ਦਿਨ ਔਖ ਨਾ ਸਹਾਰੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ
30 ਅਤੇ ਜਿਹੜਾ ਪ੍ਰਾਣੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸੇ ਪ੍ਰਾਣੀ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ
31 ਤੁਸਾਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਠਹਿਰੇ
32 ਇਹ ਤੁਹਾਨੂੰ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਤੁਸਾਂ ਆਪਣਿਆਂ ਪ੍ਰਾਣਾਂ ਨੂੰ ਔਖ ਦੇਣਾ। ਤੁਸੀਂ ਉਸ ਮਹੀਨੇ ਦੀ ਨੌਵੀਂ ਮਿਤੀ ਨੂੰ ਉਸ ਸੰਧਿਆ ਤੋਂ ਅਗਲੀ ਸੰਧਿਆ ਤੋੜੀ ਆਪਣੇ ਵਿਸਰਾਮ ਰੱਖਣਾ।।
33 ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ
34 ਇਸਰਾਏਲੀਆਂ ਨੂੰ ਬੋਲ ਕਿ ਇਸੇ ਸੱਤਵੇਂ ਮਹੀਨੇ ਦੀ ਪੰਧ੍ਰਵੀਂ ਮਿਤੀ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਡੇਰਿਆਂ ਦਾ ਪਰਬ ਹੋਵੇ
35 ਪਹਿਲੇ ਦਿਨ ਨੂੰ ਪਵਿੱਤ੍ਰ ਮੇਲਾ ਹੋਵੇ, ਤੁਸਾਂ ਉਸ ਦੇ ਵਿਚ ਕੋਈ ਕੰਮ ਧੰਦਾ ਨਾ ਕਰਨਾ
36 ਸੱਤ ਦਿਨ ਤੋੜੀ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ, ਅੱਠਵੇਂ ਦਿਨ ਤੁਹਾਡੇ ਲਈ ਪਵਿੱਤ੍ਰ ਮੇਲਾ ਹੋਵੇ, ਅਤੇ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ। ਇਹ ਇੱਕ ਖਾਸ ਮੇਲੇ ਦਾ ਦਿਨ ਹੈ, ਤੁਸਾਂ ਉਸ ਦੇ ਵਿਚ ਕੋਈ ਕੰਮ ਧੰਦਾ ਨਾ ਕਰਨਾ
37 ਜਿਹੜੇ ਤੁਸਾਂ ਪਵਿੱਤ੍ਰ ਮੇਲਿਆਂ ਦਾ ਹੋਕਾ ਦੇਣਾ ਹੈ, ਭਈ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਅਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਅਤੇ ਬਲੀ ਅਤੇ ਪੀਣ ਦੀਆਂ ਭੇਟਾਂ ਸੱਭੋ ਆਪੋ ਆਪਣਿਆਂ ਦਿਨਾਂ ਵਿੱਚ ਏਹੋ ਪਰਬ ਹਨ
38 ਅਤੇ ਯਹੋਵਾਹ ਦੇ ਸਬਤ ਤੋਂ ਬਿਨਾ ਆਪਣੇ ਦਾਨ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਸੁੱਖਣਾਂ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਮਰਜੀ ਦੀਆਂ ਭੇਟਾਂ ਤੋਂ ਬਿਨਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ
39 ਸੱਤਵੇਂ ਮਹੀਨੇ ਦੀ ਪੰਧ੍ਰਵੀਂ ਮਿਤੀ ਨੂੰ ਜਿਸ ਵੇਲੇ ਤੁਸੀਂ ਦੇਸ ਦੇ ਫਲ ਨੂੰ ਇੱਕਠਾ ਕਰੋ ਤਾਂ ਤੁਸਾਂ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਇੱਕ ਪਰਬ ਰੱਖਣਾ। ਪਹਿਲਾਂ ਦਿਨ ਸਬਤ ਅਤੇ ਅੱਠਵੇਂ ਦਿਨ ਭੀ ਸਬਤ ਹੋਵੇ
40 ਅਤੇ ਤੁਸਾਂ ਪਹਿਲੇ ਦਿਨ ਸੋਹਣੇ ਸੋਹਣੇ ਬਿਰਛਾਂ ਦੀਆਂ ਟਾਹਣੀਆਂ ਨੂੰ ਅਰਥਾਤ ਖਜੂਰ ਦੀਆਂ ਟਾਹਣੀਆਂ ਅਤੇ ਮੋਟੇ ਬਿਰਛਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ ਮਜਨੂੰ ਲੈਣਾ ਅਤੇ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੋੜੀ ਅਨੰਦ ਖੁਸ਼ੀ ਕਰਨੀ
41 ਵਰਹੇ ਵਿੱਚ ਸੱਤ ਦਿਨ ਤੋੜੀ ਤੁਸਾਂ ਇਸ ਦਾ ਯਹੋਵਾਹ ਦੇ ਅੱਗੇ ਪਰਬ ਕਰਨ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸਾਂ ਸੱਤਵੇਂ ਦਿਨ ਵਿੱਚ ਇਸ ਨੂੰ ਰੱਖਣਾ
42 ਤੁਸਾਂ ਸੱਤ ਦਿਨ ਤੋੜੀ ਛੱਪਰੀਆਂ ਵਿੱਚ ਵੱਸਣਾ, ਸੱਭੇ ਜੋ ਇਸਰਾਏਲੀ ਜੰਮੇ ਹੋਏ ਹਨ, ਸੋ ਛੱਪਰੀਆਂ ਵਿੱਚ ਵੱਸਣ
43 ਭਈ ਤੁਹਾਡੀਆਂ ਪੀੜ੍ਹੀਆਂ ਜਾਣਨ, ਜੋ ਮੈਂ ਇਸਰਾਏਲੀਆਂ ਨੂੰ ਛੱਪਰੀਆਂ ਵਿੱਚ ਵਸਾਇਆ ਜਿਸ ਵੇਲੇ ਮੈਂ ਉਨ੍ਹਾਂ ਨੂੰ ਮਿਸਰ ਦੇ ਦੇਸ ਤੋਂ ਲਿਆਂਦਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ
44 ਅਤੇ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਪਰਬਾਂ ਨੂੰ ਦੱਸ ਦਿੱਤਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×