Bible Versions
Bible Books

1 Corinthians 1 (PAV) Punjabi Old BSI Version

1 ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਨਾਲੇ ਸਾਡਾ ਭਰਾ ਸੋਸਥਨੇਸ।
2 ਅੱਗੇ ਜੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਓਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ ਉਨ੍ਹਾਂ ਸਭਨਾਂ ਸਣੇ ਜਿਹੜੇ ਹਰੇਕ ਥਾਂ ਸਾਡੇ ਪ੍ਰਭੁ ਯਿਸੂ ਮਸੀਹ ਦਾ ਨਾਮ ਲੈਂਦੇ ਹਨ ਜੋ ਉਨ੍ਹਾਂ ਦਾ ਨਾਲੇ ਸਾਡਾ ਪ੍ਰਭੁ ਹੈ
3 ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।
4 ਮੈਂ ਪਰਮੇਸ਼ੁਰ ਦੀ ਕਿਰਪਾ ਦੇ ਕਾਰਨ ਜਿਹੜੀ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ ਤੁਹਾਡੇ ਲਈ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
5 ਇਸ ਲਈ ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਰਥਾਤ ਸਰਬ ਵਾਕ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਸਾਉ।
6 ਜਿਵੇਂ ਮਸੀਹ ਦੀ ਸਾਖੀ ਤੁਹਾਡੇ ਵਿੱਚ ਕਾਇਮ ਹੋਈ
7 ਇੱਥੋਂ ਤੀਕ ਜੋ ਤੁਹਾਨੂੰ ਕਿਸੇ ਦਾਤ ਵਿੱਚ ਘਾਟਾ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ
8 ਉਹ ਤੁਹਾਨੂੰ ਅੰਤ ਤੀਕ ਕਾਇਮ ਵੀ ਰੱਖੇਗਾ ਭਈ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ
9 ਪਰਮੇਸ਼ੁਰ ਵਫ਼ਾਦਾਰ ਹੈ ਜਿਹ ਦੇ ਰਾਹੀਂ ਤੁਸੀਂ ਉਹ ਦੇ ਪੁੱਤ੍ਰ ਯਿਸੂ ਮਸੀਹ ਸਾਡੇ ਪ੍ਰਭੁ ਦੀ ਸੰਗਤ ਲਈ ਸੱਦੇ ਗਏ ਸਾਓ।।
10 ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ
11 ਕਿਉਂ ਜੋ ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਵਿਖੇ ਮੈਨੂੰ ਪਤਾ ਲੱਗਾ ਹੈ ਜੋ ਤੁਹਾਡੇ ਵਿੱਚ ਬਖੇੜੇ ਹੁੰਦੇ ਹਨ
12 ਮੇਰਾ ਕਹਿਣਾ ਇਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ ਮੈਂ ਪੌਲੁਸ ਦਾ ਯਾ ਮੈਂ ਅਪੁੱਲੋਸ ਦਾ ਯਾ ਮੈਂ ਕੇਫਾਸ ਦਾ ਯਾ ਮੈਂ ਮਸੀਹ ਦਾ ਹਾਂ
13 ਭਲਾ, ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਦਿੱਤਾ ਗਿਆ ਯਾ ਤੁਹਾਨੂੰ ਪੌਲੁਸ ਦੇ ਨਾਉ ਉੱਤੇ ਬਪਤਿਸਮਾ ਦਿੱਤਾ ਗਿਆ ਸੀ?
14 ਮੈਂ ਧੰਨਵਾਦ ਕਰਦਾ ਹਾਂ ਜੋ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ
15 ਭਈ ਕੋਈ ਨਾ ਇਹ ਆਖੇ ਜੋ ਮੇਰੇ ਨਾਉਂ ਉੱਤੇ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ
16 ਅਤੇ ਮੈਂ ਸਤਫ਼ਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ। ਹੋਰ ਮੈਂ ਨਹੀਂ ਜਾਣਦਾ ਜੋ ਮੈਂ ਹੋਰ ਕਿਸੇ ਨੂੰ ਬਪਤਿਸਮਾ ਦਿੱਤਾ ਹੋਵੇ
17 ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਦੇ ਲਈ ਨਹੀਂ ਸਗੋਂ ਖੁਸ਼ਖਬਰੀ ਸੁਣਾਉਣ ਲਈ ਘੱਲਿਆ ਹੈ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ ਭਈ ਕਿਤੇ ਐਉਂ ਨਾ ਹੋਵੇ ਜੋ ਮਸੀਹ ਦੀ ਸਲੀਬ ਅਵਿਅਰਥੀ ਹੋ ਜਾਏ।।
18 ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਭਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾਈ ਹੈ ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਹੈ
19 ਕਿਉਂ ਜੋ ਲਿਖਿਆ ਹੋਇਆ ਹੈ ਕਿ, ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ।।
20 ਕਿੱਥੇ ਬੁੱਧਵਾਨ? ਕਿੱਥੇ ਗ੍ਰੰਥੀ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?
21 ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਭਾਇਆ ਇਹ ਜੋ ਪਰਚਾਰ ਦੀ ਮੂਰਖਤਾਈ ਨਾਲ ਨਿਹਚਾਵਾਨਾਂ ਨੂੰ ਬਚਾਵੇ
22 ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ
23 ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ
24 ਪਰ ਉਨ੍ਹਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦਾ ਗਿਆਨ ਹੈ
25 ਕਿਉਂ ਜੋ ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।।
26 ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ
27 ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ,
28 ਅਤੇ ਸੰਸਾਰ ਦੇ ਅਦਨਾਂ ਅਤੇ ਮਲੀਹਾਦੜ੍ਹਾਂ ਨੂੰ ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਅਕਾਰਥ ਕਰੇ
29 ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘੁਮੰਡ ਨਾ ਕਰੇ
30 ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ
31 ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਅਭਮਾਨ ਕਰੇ ਸੋ ਪ੍ਰਭੁ ਵਿੱਚ ਅਭਮਾਨ ਕਰੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×