Bible Versions
Bible Books

Leviticus 20 (PAV) Punjabi Old BSI Version

1 ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2 ਨਾਲੇ ਤੂੰ ਇਸਰਾਏਲੀਆਂ ਨੂੰ ਆਖੀਂ, ਜਿਹੜਾ ਇਸਰਾਏਲੀਆਂ ਵਿੱਚੋਂ ਯਾ ਉਨ੍ਹਾਂ ਓਪਰਿਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ ਆਪਣੇ ਵੰਸ ਵਿੱਚੋਂ ਕੋਈ ਜਣਾ ਮੋਲਕ ਦੇਵ ਨੂੰ ਦੇਵੇ ਤਾਂ ਉਹ ਜਰੂਰ ਵੱਢਿਆ ਜਾਵੇ। ਦੇਸ ਦੇ ਲੋਕ ਉਸ ਨੂੰ ਵੱਟਿਆ ਨਾਲ ਮਾਰ ਸੁੱਟਣ
3 ਅਤੇ ਮੈਂ ਉਸ ਮਨੁੱਖ ਦਾ ਵਿਰੋਧੀ ਬਣਾਗਾਂ ਅਤੇ ਮੈਂ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਵੱਢਾਂ ਗਾ ਕਿਉਂਜੋ ਮੇਰੇ ਪਵਿੱਤ੍ਰ ਅਸਥਾਨ ਅਸ਼ੁੱਧ ਕਰਨ ਲਈ ਅਤੇ ਮੇਰੇ ਪਵਿੱਤ੍ਰ ਨਾਮ ਦੇ ਬਦਨਾਮ ਕਰਨ ਲਈ ਉਸ ਨੇ ਆਪਣੇ ਵੰਸ ਵਿੱਚੋਂ ਮੋਲਕ ਦੇਵ ਅੱਗੇ ਚੜ੍ਹਾਇਆ
4 ਅਤੇ ਜੇ ਕਦੀ ਉਸ ਦੇਸ ਦੇ ਲੋਕ ਕਿਧਰੇ ਉਸ ਮਨੁੱਖ ਵੱਲੋਂ ਅੱਖੀਆਂ ਮੀਟਣ ਜਿਸ ਵੇਲੇ ਉਹ ਆਪਣ ਵੰਸ ਵਿੱਚੋਂ ਮੋਲਕ ਦੇਵ ਅੱਗੇ ਚੜ੍ਹਾਵੇ ਅਤੇ ਉਸ ਨੂੰ ਵੱਢ ਨਾ ਸੁੱਟਣ
5 ਤਾਂ ਮੈਂ ਉਸ ਮਨੁੱਖ ਅਤੇ ਉਸ ਟੱਬਰ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ, ਅਤੇ ਸਭਨਾਂ ਨੂੰ ਜੋ ਮੋਲਕ ਦੇਵ ਦੇ ਨਾਲ ਜਨਾਹ ਕਰਨ ਦੇ ਲਈ ਉਸ ਦੇ ਮਗਰ ਲੱਗਣ, ਉਨ੍ਹਾਂ ਦਿਆਂ ਲੋਕਾਂ ਵਿੱਚੋਂ ਵੱਢਾਗਾਂ।।
6 ਅਤੇ ਜਿਹੜਾ ਪ੍ਰਾਣੀ ਉਨ੍ਹਾਂ ਦੇ ਮਗਰ ਲੱਗੇ, ਜਿਨ੍ਹਾਂ ਦੇ ਦੇਉ ਯਾਰ ਹਨ, ਅਤੇ ਜਾਦੂਗਰਾਂ ਦੇ ਮਗਰ ਉਨ੍ਹਾਂ ਦੇ ਨਾਲ ਯਾਰੀ ਕਰਨ ਲਈ ਫਿਰਦਾ ਹੈ, ਮੈਂ ਵੀ ਉਸ ਪ੍ਰਾਣੀ ਦਾ ਵਿਰੋਧੀ ਬਣਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਵੱਢਾਂਗਾ।।
7 ਸੋ ਤੁਸੀਂ ਆਪਣੇ ਆਪ ਨੂੰ ਪਵਿੱਤ੍ਰ ਕਰੋ ਅਤੇ ਪਵਿੱਤ੍ਰ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ
8 ਅਤੇ ਤੁਸਾਂ ਮੇਰੀਆਂ ਬਿਧਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ। ਮੈ ਉਹ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ।।
9 ਜਿਹੜਾ ਆਪਣੇ ਪਿਓ ਯਾ ਆਪਣੀ ਮਾਂ ਨੂੰ ਫਿਟਕਾਰੇ ਸੋ ਜਰੂਰ ਵੱਢਿਆ ਜਾਵੇ। ਉਸ ਨੇ ਆਪਣੇ ਪਿਓ ਯਾ ਆਪਣੀ ਮਾਂ ਨੂੰ ਫਿਟਕਾਰਿਆ, ਉਸ ਦਾ ਖੂਨ ਉਸ ਦੇ ਜੁੰਮੇ ਹੋਵੇ।।
10 ਅਤੇ ਉਹ ਮਨੁੱਖ ਜੋ ਕਿਸੇ ਹੋਰ ਮਨੁੱਖ ਦੀ ਵਹੁਟੀ ਨਾਲ ਯਾਰੀ ਕਰੇ, ਤਾਂ ਜਿਸ ਨੇ ਆਪਣੇ ਗਵਾਂਢੀ ਦੀ ਵਹੁਟੀ ਨਾਲ ਯਾਰੀ ਕੀਤੀ, ਯਾਰ ਅਤੇ ਯਾਰਨੀ ਜਰੂਰ ਵੱਢੇ ਜਾਣ
11 ਅਤੇ ਉਹ ਮਨੁੱਖ ਜੋ ਆਪਣੇ ਪਿਓ ਦੀ ਤੀਵੀਂ ਨਾਲ ਸੰਗ ਕਰੇ ਉਸ ਨੇ ਆਪਣੇ ਪਿਉ ਦਾ ਨੰਗੇਜ ਉਘਾੜਿਆ। ਓਹ ਦੋਵੇਂ ਜਰੂਰ ਵੱਢੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ
12 ਅਤੇ ਜੇ ਕੋਈ ਮਨੁੱਖ ਆਪਣੀ ਨੂੰਹ ਨਾਲ ਸੰਗ ਕਰੇ, ਓਹ ਦੋਵੇਂ ਜਰੂਰ ਵੱਢੇ ਜਾਣ। ਉਨ੍ਹਾਂ ਨੇ ਉਲਟੀ ਗੱਲ ਕੀਤੀ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ
13 ਨਾਲੇ ਜੇ ਕੋਈ ਮਨੁੱਖ ਜਿਸ ਤਰਾਂ ਤੀਵੀਂ ਨਾਲ ਸੰਗ ਕਰਦਾ ਹੈ ਉਸ ਤਰਾਂ ਮਨੁੱਖ ਨਾਲ ਸੰਗ ਕਰੇ ਤਾਂ ਉਨ੍ਹਾਂ ਦੋਹਾਂ ਨੇ ਮਾੜੀ ਗੱਲ ਕੀਤੀ। ਓਹ ਜਰੂਰ ਵੱਢੇ ਜਾਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ
14 ਅਤੇ ਜੇ ਕੋਈ ਮਨੁੱਖ ਕੋਈ ਵਹੁਟੀ ਉਸ ਦੀ ਮਾਂ ਸਣੇ ਵਿਆਹਵੇ ਤਾਂ ਉਹ ਖੋਟ ਹੈ, ਓਹ ਅੱਗ ਨਾਲ ਸਾੜੇ ਜਾਂਣ, ਨਾਲੇ ਉਹ, ਨਾਲੇ ਉਹ, ਦੋਵੇਂ ਭਈ ਤੁਹਾਡੇ ਵਿਚਕਾਰ ਕੋਈ ਖੋਟ ਨਾ ਰਹੇ
15 ਅਤੇ ਜੇ ਕੋਈ ਮਨੁੱਖ ਪਸੂ ਨਾਲ ਸੰਗ ਕਰੇ ਤਾਂ ਉਹ ਜਰੂਰ ਵੱਢਿਆ ਜਾਏ ਅਤੇ ਪਸੂ ਨੂੰ ਭੀ ਵੱਢ ਸੁੱਟਣਾ
16 ਅਤੇ ਜੇ ਕੋਈ ਤੀਵੀਂ ਪਸੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਤੀਵੀਂ ਨੂੰ ਅਤੇ ਪਸੂ ਨੂੰ ਵੱਢ ਸੁੱਟੀਂ। ਉਹ ਜਰੂਰ ਵੱਢੇ ਜਾਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ
17 ਅਤੇ ਜੇ ਕੋਈ ਮਨੁੱਖ ਆਪਣੀ ਭੈਣ ਆਪਣੇ ਪਿਉ ਦੀ ਧੀ ਯਾ ਆਪਣੀ ਮਾਂ ਦੀ ਧੀ ਨੂੰ ਲਿਆਵੇ ਅਤੇ ਉਸ ਦਾ ਨੰਗੇਜ ਵੇਖੇ ਅਤੇ ਉਹ ਉਸ ਦਾ ਨੰਗੇਜ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ। ਓਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਢੇ ਜਾਣ। ਉਸ ਨੇ ਆਪਣੀ ਭੈਣ ਦਾ ਨੰਗੇਜ ਉਘਾੜਿਆ, ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ
18 ਅਤੇ ਜੇ ਕੋਈ ਮਨੁੱਖ ਰਿਤੂ ਵਾਲੀ ਤੀਵੀਂ ਨਾਲ ਸੰਗ ਕਰੇ ਅਤੇ ਉਸ ਦਾ ਨੰਗੇਜ ਉਘਾੜੇ ਤਾਂ ਉਸ ਨੇ ਉਸ ਦਾ ਸੂੰਬ ਖੁਲ੍ਹਵਾਇਆ, ਓਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ
19 ਅਤੇ ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਉ ਦੀ ਭੈਣ ਦਾ ਨੰਗੇਜ ਨਾ ਉਘਾੜੀਂ ਕਿਉਂ ਜੋ ਉਹ ਆਪਣੇ ਸਾਕ ਨੂੰ ਉਘਾੜਣਾ ਹੈ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ
20 ਅਤੇ ਜੇ ਕੋਈ ਮਨੁੱਖ ਆਪਣੇ ਚਾਚੇ ਦੀ ਤੀਵੀਂ ਨਾਲ ਸੰਗ ਕਰੇ ਤਾਂ ਉਸ ਨੇ ਆਪਣੇ ਚਾਚੇ ਦਾ ਨੰਗੇਜ ਉਘਾੜਿਆ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ, ਓਹ ਔਤਰੇ ਮਰਨਗੇ
21 ਅਤੇ ਜੇ ਕੋਈ ਮਨੁੱਖ ਆਪਣੇ ਭਰਾ ਦੀ ਵਹੁਟੀ ਲਿਆਵੇ ਤਾਂ ਇਹ ਪਲੀਤ ਗੱਲ ਹੈ। ਉਸ ਨੇ ਆਪਣੇ ਭਰਾ ਦਾ ਨੰਗੇਜ ਉਘਾੜਿਆ ਹੈ, ਓਹ ਔਤਰੇ ਰਹਿਣਗੇ।।
22 ਸੋ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਮੇਰਿਆਂ ਸਭਨਾਂ ਨਿਆਵਾਂ ਨੂੰ ਮੰਨਕੇ ਪੂਰਾ ਕਰਨਾ ਭਈ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲਿਜਾਂਦਾ ਹਾਂ ਤੁਹਾਨੂੰ ਉਗਲਾਛ ਨਾ ਦੇਵੇ
23 ਅਤੇ ਜਿਹੜੇ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਉਸ ਜਾਤ ਦੀਆਂ ਰੀਤਾਂ ਦੇ ਅਨੁਸਾਰ ਤੁਸਾਂ ਨਾ ਤੁਰਨਾ ਕਿਉਂ ਜੋ ਉਨ੍ਹਾਂ ਨੇ ਤਾਂ ਏਸ ਸੱਭੇ ਗੱਲਾਂ ਕੀਤੀਆਂ ਅਤੇ ਇਸ ਲਈ ਉਹ ਮੈਨੂੰ ਮਾੜੇ ਲੱਗੇ
24 ਪਰ ਮੈਂ ਤੁਹਾਨੂੰ ਆਖਿਆ ਹੈ, ਤੁਸੀਂ ਉਨ੍ਹਾਂ ਦਾ ਦੇਸ ਰੱਖੋਗੇ ਅਤੇ ਮੈਂ ਉਸ ਦੇ ਰੱਖਣ ਦੇ ਲਈ ਤੁਹਾਨੂੰ ਦਿਆਂਗਾ, ਇੱਕ ਅਜੇਹਾ ਦੇਸ ਜਿੱਥੇ ਦੁੱਧ ਅਤੇ ਸ਼ਹਿਤ ਵੱਗਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਸ ਨੇ ਹੋਰਨਾਂ ਲੋਕਾਂ ਤੋਂ ਤੁਹਾਨੂੰ ਵੱਖਰੇ ਕੀਤਾ
25 ਸੋ ਤੁਸਾਂ ਸ਼ੁੱਧ ਅਤੇ ਅਸ਼ੁੱਧ ਪਸੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਤੁਸਾਂ ਪਸੂ ਯਾ ਪੰਛੀ, ਯਾ ਕਿਸੇ ਪ੍ਰਕਾਰ ਦੇ ਜੀਵ ਕਰਕੇ ਜੋ ਧਰਤੀ ਉੱਤੇ ਘਿਸਰਦਾ ਹੈ ਜੋ ਮੈਂ ਤੁਹਾਡੇ ਕੋਲੋਂ ਅਸ਼ੁੱਧ ਸਮਝ ਕੇ ਵੱਖਰਾ ਕੀਤਾ ਮਾੜੇ ਨਾ ਬਣਨਾ
26 ਅਤੇ ਤੁਸੀਂ ਮੇਰੇ ਅੱਗੇ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਪਵਿੱਤ੍ਰ ਹਾਂ ਅਤੇ ਆਪਣੇ ਬਣਾਉਣ ਲਈ ਮੈਂ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ।।
27 ਨਾਲੇ ਮਨੁੱਖ ਯਾ ਤੀਵੀਂ ਜਿਸ ਦਾ ਦੇਉ ਯਾਰ ਹੈ ਯਾਂ ਜਾਦੂਗਰ ਹੈ ਜਰੂਰ ਵੱਢੀ ਜਾਵੇ, ਓਹ ਉਨ੍ਹਾਂ ਨੂੰ ਵੱਟਿਆਂ ਨਾਲ ਮਾਰ ਸੁੱਟਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×