Bible Versions
Bible Books

2 Samuel 23 (PAV) Punjabi Old BSI Version

1 ਦਾਊਦ ਯੱਸੀ ਦੇ ਪੁੱਤ੍ਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ, ਜੋ ਉੱਚਾ ਕੀਤਾ ਗਿਆ ਸੀ, ਜੋ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ, ਅਤੇ ਇਸਰਾਏਲ ਵਿੱਚ ਰਸੀਲਾ ਕਵੀਸ਼ਰ ਸੀ।।
2 ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।
3 ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚਟਾਨ ਮੈਨੂੰ ਬੋਲੀ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੌ ਨਾਲ ਰਾਜ ਕਰਦਾ ਹੈ,
4 ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੇ ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।
5 ਭਾਵੇਂ ਮੇਰਾ ਘਰ ਪਰਮੇਸ਼ੁਰ ਦੇ ਅੱਗੇ ਇਸ ਡੌਲ ਦਾ ਨਹੀਂ, ਤਾਂ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰੀਆਂ ਗੱਲਾਂ ਵਿੱਚ ਠੀਕ ਠਾਕ ਅਰ ਪੱਕਾ ਹੈ। ਏਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ। ਭਲਾ, ਉਹ ਉਸ ਨੂੰ ਸਫਲ ਨਾ ਕਰੇਗਾ?
6 ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਙੁ ਲਾਂਭੇ ਸੁੱਟੇ ਜਾਣਗੇ, ਕਿਉਂ ਜੋ ਓਹ ਹੱਥਾਂ ਨਾਲ ਫੜੇ ਨਹੀਂ ਜਾਂਦੇ।
7 ਪਰ ਜੋ ਮਨੁੱਖ ਉਨ੍ਹਾਂ ਨੂੰ ਛੋਹਿਆ ਚਾਹੇ, ਤਾਂ ਲੋੜੀਦਾ ਹੈ ਜੋ ਲੋਹੇ ਯਾ ਬਰਛੀ ਦੇ ਫਲ ਨੂੰ ਵਰਤੇ, ਅਤੇ ਓਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ।।
8 ਦਾਊਦ ਦੇ ਸੂਰਮੇ ਏਹ ਹਨ —ਪਹਿਲਾਂ ਤਾਂ ਤਾਹਕਮੋਨੀ ਯੋਸ਼ੇਬ-ਬੱਸ਼ਬਥ, ਉਹ ਸਰਦਾਰਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜੋ ਅਜ਼ਨੀ ਸਦਾਉੰਦਾ ਸੀ। ਉੱਸੇ ਨੇ ਹੀ ਅੱਠਾਂ ਸੌਆਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਇੱਕੇ ਵਾਰ ਵੱਢ ਸੁੱਟਿਆ
9 ਉਹ ਦੇ ਪਿੱਛੋਂ ਦੋਦੀ ਦਾ ਪੁੱਤ੍ਰ ਅਲਆਜ਼ਾਰ ਅਹੋਹੀ ਦਾ ਪੋਤ੍ਰਾ ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਸੀ ਜੋ ਦਾਊਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫਲਿਸਤੀਆਂ ਨੂੰ ਜੋ ਜੁੱਧ ਕਰਨ ਨੂੰ ਇਕੱਠੇ ਹੋਏ ਸਨ ਵੰਗਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ
10 ਸੋ ਉਸ ਨੇ ਉੱਠ ਕੇ ਫਲਿਸਤੀਆਂ ਨੂੰ ਮਾਰਿਆ ਅਤੇ ਐਥੋਂ ਤੀਕੁਰ ਜੋ ਉਹ ਦਾ ਹੱਥ ਥੱਕ ਗਿਆ ਅਤੇ ਉਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾਹ ਨੇ ਉਸ ਦਿਨ ਵੱਡ ਜਿੱਤ ਲੈ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਨਿਰੇ ਲੁੱਟਣ ਲਈ ਹੀ ਮੁੜ ਆਏ
11 ਉਸ ਦੇ ਪਿੱਛੋਂ ਹਰਾਰੀ ਅਗੇ ਦਾ ਪੁੱਤ੍ਰ ਸ਼ੰਮਾਹ ਸੀ। ਜਿਸ ਵੇਲੇ ਫਲਿਸਤੀ ਇੱਕ ਪੈਲੀ ਵਿੱਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫਲਿਸਤੀਆਂ ਦੇ ਅੱਗੇ ਨੱਸ ਗਏ
12 ਉਹ ਉਸ ਪੈਲੀ ਦੇ ਵਿੱਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫਲਿਸਤੀਆਂ ਨੂੰ ਵੱਡ ਸੁੱਟਿਆ ਸੋ ਯਹੋਵਾਹ ਨੇ ਵੱਡੀ ਜਿੱਤ ਲੈ ਦਿੱਤੀ
13 ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿੱਕਲ ਗਏ ਅਤੇ ਅਦੁਲਾਮ ਦੀ ਗੁਫਾ ਨੂੰ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫਲਿਸਤੀਆਂ ਦੇ ਦਲ ਨੇ ਰਫਾਈਮ ਦੀ ਖੱਡ ਵਿੱਚ ਤੰਬੂ ਲਾਏ ਸਨ
14 ਤਾਂ ਦਾਊਦ ਉਸ ਵੇਲੇ ਇੱਕ ਕੋਟ ਵਿੱਚ ਸੀ ਅਤੇ ਫਲਿਸਤੀਆਂ ਦਾ ਪਹਿਰਾ ਯਰੂਸ਼ਲਮ ਬੈਤਲਹਮ ਦੇ ਵਿੱਚ ਸੀ
15 ਅਤੇ ਦਾਊਦ ਨੇ ਤਰਸਦਿਆਂ ਹੋਇਆਂ ਆਖਿਆ, ਕਾਸ਼ ਕਿ ਕੋਈ ਮਨੁੱਖ ਉਸ ਖੂਹ ਦਾ ਜੋ ਬੈਤਲਹਮ ਦੇ ਫਾਟਕ ਕੋਲ ਹੈ ਇੱਕ ਘੁੱਟ ਪਾਣੀ ਦਾ ਮੈਨੰ ਪਿਲਾਵੇ
16 ਤਾਂ ਉਨ੍ਹਾਂ ਤਿੰਨਾਂ ਨੇ ਫਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ
17 ਅਤੇ ਉਸ ਨੇ ਆਖਿਆ, ਹੇ ਯਹੋਵਾਹ, ਏਹੋ ਜਿਹਾ ਕਰਨਾ ਮੈਥੋ ਪਰੇ ਹੋਵੇ ਕਿਉਂ ਜੋ ਏਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਗਏ! ਸੋ ਉਸ ਨੇ ਉਹ ਦੇ ਪੀਣ ਵੱਲੋਂ ਨਾਂਹ ਕੀਤੀ। ਉਨ੍ਹਾਂ ਤਿੰਨਾਂ ਸੂਰਮਿਆਂ ਨੇ ਏਹ ਕੰਮ ਕੀਤੇ
18 ਅਤੇ ਸਰੂਯਾਹ ਦੇ ਪੁੱਤ੍ਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆ ਸੀ। ਉਸ ਨੇ ਤਿੰਨ ਸੌ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਜੋ ਤਿੰਨਾਂ ਵਿੱਚੋਂ ਨਾਮੀ ਬਣਿਆ
19 ਉਹ ਤਾਂ ਤਿੰਨਾਂ ਵਿੱਚੋਂ ਸਭਨਾਂ ਨਾਲੋਂ ਵੱਡਾ ਪਤਵਾਲਾ ਸੀ ਤਦ ਉਹ ਉਨ੍ਹਾਂ ਦਾ ਸਰਦਾਰ ਬਣਿਆ ਪਰ ਉਨ੍ਹਾਂ ਪਹਿਲਿਆਂ ਤਿਨਾਂ ਵਰਗਾ ਨਹੀਂ ਸੀ
20 ਯਹੋਯਾਦਾ ਦਾ ਪੁੱਤ੍ਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪ੍ਰੋਤਾ ਸੀ ਜਿਸ ਨੇ ਕਈ ਵੱਡੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੀਂਹ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ ਦੇ ਦਿਨੀਂ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ
21 ਅਤੇ ਉਸ ਨੇ ਇੱਕ ਦਰਸ਼ਨੀ ਮਿਸਰੀ ਨੂੰ ਵੱਢ ਸੁੱਟਿਆ। ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਲਾਠੀ ਲੈ ਕੇ ਉਹ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਲਾਠੀ ਲੈ ਕੇ ਉਹ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਬਰਛੀ ਖੋਹ ਲਈ ਅਰ ਉੱਸੇ ਦੀ ਬਰਛੀ ਨਾਲ ਉਹ ਨੂੰ ਮਾਰਿਆ
22 ਯਹੋਯਾਦਾ ਦੇ ਪੁੱਤ੍ਰ ਬਨਾਯਾਹ ਨੇ ਏਹ ਕੰਮ ਕੀਤੇ ਅਤੇ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਉਂ ਸੀ
23 ਉਹ ਉਨ੍ਹਾਂ ਤੀਹਾਂ ਵਿੱਚੋਂ ਵਧੀਕ ਪਤਵਾਲਾ ਸੀ ਪਰ ਉਹ ਉਨ੍ਹਾਂ ਪਹਿਲਾਂ ਤਿੰਨਾਂ ਵਰਗਾ ਨਹੀਂ ਸੀ ਅਤੇ ਦਾਊਦ ਨੇ ਉਸ ਨੂੰ ਆਪਣੇ ਸਰਫ ਖਾਸ ਦਿਆਂ ਉੱਤੇ ਠਹਿਰਾਇਆ
24 ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿੱਚੋਂ ਸੀ ਨਾਲੇ ਬੈਤਲਹਮੀ ਦੋਦੋ ਦਾ ਪੁੱਤ੍ਰ ਅਲਹਾਨਾਨ
25 ਸ਼ੰਮਾਹ ਹਰੀ ਅਤੇ ਅਲੀਕਾ ਹਰੋਦੀ
26 ਹਲਸ ਪਲਟੀ ਅਤੇ ਇੱਕੇਸ਼ ਤਕੋਈ ਦਾ ਪੁੱਤ੍ਰ ਈਰਾ
27 ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਬੀ
28 ਸਲਮੋਨ ਅਹੋਹੀ ਤੇ ਮਹਰਈ ਨਟੋਫ਼ਾਥੀ
29 ਬਆਨਾਹ ਦਾ ਪੁੱਤ੍ਰ ਹੇਲਬ ਇੱਕ ਨਟੋਫ਼ਾਥੀ ਤੇ ਰੀਬਈ ਦਾ ਪੁੱਤ੍ਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ
30 ਬਨਾਯਾਹ ਪਿਰਾਥੋਨੀ ਤੇ ਗਆਸ਼ ਦੀਆਂ ਨਦੀਆਂ ਤੋਂ ਹਿੱਦਈ
31 ਅਬੀ-ਅਲਬੋਨ ਅਰਬਾਥੀ ਤੇ ਅਜ਼ਮਾਵਥ ਬਰਹੁਮੀ
32 ਅਲਯਹਬਾ ਸ਼ਅਲਬੋਨੀ ਤੇ ਯਾਸੇਨ ਦੇ ਪੁੱਤ੍ਰਾਂ ਤੋਂ ਯੋਨਾਥਾਨ
33 ਸ਼ੰਮਾਹ ਹਰਾਰੀ ਤੇ ਸ਼ਾਰਾਰ ਅਰਾਰੀ ਦਾ ਪੁੱਤ੍ਰ ਅਹੀਆਮ
34 ਉਸ ਮਆਕਾਥੀ ਦਾ ਪੋਤ੍ਰਾ ਅਹਸਬਈ ਦਾ ਪੁੱਤ੍ਰ ਅਲੀਫਲਟ ਤੇ ਅਹੀਥੋਫ਼ਲ ਗਿਲੋਨੀ ਦਾ ਪੁੱਤ੍ਰ ਅਲੀਆਮ
35 ਹਸਰਈ ਕਰਮਲੀ ਤੇ ਪਅਰਈ ਅਰਬੀ
36 ਸੋਬਾਹ ਤੋਂ ਨਾਥਾਨ ਦਾ ਪੁੱਤ੍ਰ ਯਿਗਾਲ ਤੇ ਬਾਨੀ ਗਾਦੀ
37 ਸਲਕ ਅੰਮੋਨੀ ਤੇ ਨਹਰਈ ਬਏਰੋਥੀ ਜੋ ਸਰੂਯਾਹ ਦੇ ਪੁੱਤ੍ਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ
38 ਈਰਾ ਯਿਥਰੀ ਤੇ ਗਾਰੇਬ ਯਿਥਰੀ
39 ਊਰਿੱਯਾਹ ਹਿੱਤੀ-ਸਾਰੇ ਸੈਂਤੀ ਹਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×