Bible Versions
Bible Books

Matthew 28 (PAV) Punjabi Old BSI Version

1 ਜਾਂ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਪਹਿ ਫੁੱਟਣ ਦੇ ਵੇਲੇ ਮਰਿਯਮ ਮਗਦਲੀਨੀ ਅਤੇ ਦੂਈ ਮਰਿਯਮ ਕਬਰ ਨੂੰ ਵੇਖਣ ਆਈਆਂ
2 ਅਰ ਵੇਖੋ ਇੱਕ ਵੱਡਾ ਭੁਚਾਲ ਆਇਆ ਇਸ ਲਈ ਜੋ ਪ੍ਰਭੁ ਦਾ ਦੂਤ ਅਕਾਸ਼ੋਂ ਉੱਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ੍ਹ ਕੇ ਲਾਂਭੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ
3 ਉਹ ਦਾ ਰੂਪ ਬਿਜਲੀ ਵਰਗਾ ਅਰ ਉਹ ਦਾ ਬਸਤ੍ਰ ਬਰਫ਼ ਜਿਹਾ ਚਿੱਟਾ ਸੀ
4 ਅਤੇ ਉਹ ਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਙੁ ਹੋ ਗਏ
5 ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ
6 ਉਹ ਐਥੇ ਹੈ ਨਹੀਂ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੁ ਪਿਆ ਹੋਇਆ ਸੀ
7 ਅਰ ਛੇਤੀ ਜਾਕੇ ਉਹ ਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਥੋਂ ਅੱਗੇ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ। ਲਓ ਮੈਂ ਤੁਹਾਨੂੰ ਦੱਸ ਦਿੱਤਾ
8 ਅਤੇ ਓਹ ਭੈ ਅਤੇ ਵੱਡੀ ਖ਼ਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ
9 ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਰ ਬੋਲਿਆ, ਸੁਖੀ ਰਹੋ! ਅਤੇ ਉਨ੍ਹਾਂ ਦੇ ਕੋਲ ਆਣ ਕੇ ਉਹ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ
10 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।।
11 ਜਿਸ ਵੇਲੇ ਓਹ ਚੱਲੀਆਂ ਜਾਂਦੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਿੰਨਿਆ ਨੇ ਸ਼ਹਿਰ ਜਾਕੇ ਸਾਰੀ ਵਾਰਤਾ ਪਰਧਾਨ ਜਾਜਕਾਂ ਨੂੰ ਦੱਸ ਦਿੱਤੀ
12 ਅਤੇ ਓਹ ਬਜੁਰਗਾਂ ਦੇ ਨਾਲ ਇਕੱਠੇ ਹੋਏ ਅਰ ਮਤਾ ਪਕਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ
13 ਅਤੇ ਬੋਲੇ, ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹ ਦੇ ਚੇਲੇ ਰਾਤ ਨੂੰ ਆਣ ਕੇ ਉਹ ਨੂੰ ਚੁਰਾ ਲੈ ਗਏ
14 ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੀਕਰ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਨਿਚਿੰਤ ਕਰ ਦਿਆਂਗੇ
15 ਸੋ ਉਨ੍ਹਾਂ ਨੇ ਰੁਪਏ ਲੈਕੇ ਉਸੇ ਤਰ੍ਹਾਂ ਕੀਤਾ ਜਿਸ ਤਰਾਂ ਸਿਖਲਾਏ ਗਏ ਸਨ ਅਤੇ ਇਹ ਗੱਲ ਅੱਜ ਤੀਕ ਯਹੂਦੀਆਂ ਵਿੱਚ ਉਜਾਗਰ ਹੈ।।
16 ਫੇਰ ਉਹ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਉਨ੍ਹਾਂ ਨਾਲ ਠਹਿਰਾਇਆ ਹੋਇਆ ਸੀ
17 ਅਤੇ ਉਨ੍ਹਾਂ ਉਸ ਨੂੰ ਵੇਖ ਕੇ ਮੱਥਾ ਟੇਕਿਆ ਪਰ ਕਈਆਂ ਨੇ ਭਰਮ ਕੀਤਾ
18 ਅਤੇ ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ
19 ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ
20 ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×