Bible Versions
Bible Books

Psalms 68 (PAV) Punjabi Old BSI Version

1 ਪਰਮੇਸ਼ੁਰ ਉੱਠੇ, ਉਹ ਦੇ ਵੈਰੀ ਛਿੰਨ ਭਿੰਨ ਹੋ ਜਾਣ, ਅਤੇ ਜਿਹੜੇ ਉਸ ਨਾਲ ਖਹਿ ਰੱਖਦੇ ਹਨ ਓਹ ਉਸ ਦੇ ਅੱਗੋਂ ਨੱਸ ਜਾਣ!
2 ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਓਹਨਾਂ ਨੂੰ ਉਡਾ ਦੇਹ, ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ!
3 ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ਼ ਬਾਗ਼ ਹੋਣ, ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ!
4 ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, ਥਲਾਂ ਵਿੱਚ ਅਸਵਾਰ ਲਈ ਇੱਕ ਸ਼ਾਹੀ ਸੜਕ ਬਣਾਓ, ਉਹ ਦਾ ਨਾਮ ਯਾਹ ਹੈ, ਉਹ ਦੇ ਅੱਗੇ ਬਾਗ਼ ਬਾਗ਼ ਹੋ ਜਾਓ!
5 ਯਤੀਮਾਂ ਦਾ ਪਿਤਾ ਅਤੇ ਵਿਧਵਾਂ ਦਾ ਨਿਆਉਂ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6 ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਅਸੀਰਾਂ ਨੂੰ ਭਾਗਵਾਨੀ ਵਿੱਚ ਨਿਕਾਲਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।।
7 ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ ਅੱਗੇ ਤੁਰਿਆ, ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ ।। ਸਲਹ।।
8 ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ।
9 ਹੇ ਪਰਮੇਸ਼ੁਰ, ਤੈਂ ਡਾਢੀ ਵਰਖਾ ਵਰ੍ਹਾਈ, ਅਤੇ ਆਪਣੀ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ।
10 ਤੇਰੀ ਪਰਜਾ ਉਸ ਵਿੱਚ ਵੱਸੀ, ਤੈਂ, ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਲਈ ਤਿਆਰੀ ਕੀਤੀ।
11 ਪ੍ਰਭੁ ਹੁਕਮ ਦਿੰਦਾ ਹੈ, ਖਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ, -
12 ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ! ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ।
13 ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, ਤਾਂ ਵੀ ਖੁਮਰੀ ਦੇ ਕੁੰਦੇ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ।
14 ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ!।।
15 ਬਾਸ਼ਾਨ ਦਾ ਪਹਾੜ ਪਰਮੇਸ਼ੁਰ ਦਾ ਪਹਾੜ ਹੈ, ਬਾਸ਼ਾਨ ਦਾ ਪਹਾੜ ਚੋਟੀਆਂ ਦਾ ਪਹਾੜ ਹੈ।
16 ਹੇ ਚੋਟੀਆਂ ਦੇ ਪਹਾੜੋ, ਤੁਸੀਂ ਉਸ ਪਹਾੜ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ ਕਿਉਂ ਈਰਖਾ ਨਾਲ ਤੱਕਦੇ ਹੋॽ ਯਹੋਵਾਹ ਸਦਾ ਤੀਕੁਰ ਉਸ ਵਿੱਚ ਵੱਸੇਗਾ।
17 ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾ ਹਜ਼ਾਰ ਹਨ, ਪ੍ਰਭੁ ਉਨ੍ਹਾਂ ਦੇ ਵਿੱਚ ਹੈ ਜਿਵੇਂ ਉਹ ਪਵਿੱਤਰ ਸੀਨਈ ਵਿੱਚ ਹੈ।
18 ਤੂੰ ਉਤਾਹਾਂ ਨੂੰ ਚੜ੍ਹਿਆ, ਤੈਂ ਬੰਧੂਆਂ ਨੂੰ ਬੰਨ੍ਹ ਲਿਆ, ਤੈਂ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਭਈ ਯਾਹ ਪਰਮੇਸ਼ੁਰ ਉੱਥੇ ਵੱਸੇ।।
19 ਪ੍ਰਭੁ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀ ਦਾਤਾ ਪਰਮੇਸ਼ੁਰ ਹੈ! ।। ਸਲਹ।।
20 ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ, ਅਤੇ ਪ੍ਰਭੁ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ।
21 ਪਰਮੇਸ਼ੁਰ ਜਰੂਰ ਆਪਣੇ ਵੈਰੀਆਂ ਦੇ ਸਿਰ ਨੂੰ, ਨਾਲੇ ਖੁਲ੍ਹੇ ਦੋਸ਼ੀ ਦੀ ਵਾਲਾਂ ਵਾਲੀ ਖੋਪਰੀ ਨੂੰ ਭੰਨ ਸੁੱਟੇਗਾ!
22 ਪ੍ਰਭੁ ਨੇ ਫ਼ਰਮਾਇਆ ਭਈ ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ, ਮੈਂ ਸਮੁੰਦਰ ਦੀਆਂ ਡੁੰਘਿਆਈਆਂ ਤੋਂ ਮੋੜ ਲਿਆਵਾਂਗਾ,
23 ਤਾਂ ਜੋ ਤੂੰ ਆਪਣੇ ਪੈਰ ਨੂੰ ਲਹੂ ਵਿੱਚ ਡੋਬੇਂ, ਅਤੇ ਤੇਰੇ ਕੁੱਤਿਆਂ ਦੀ ਜੀਭ ਦਾ ਲੁਕਮਾ ਵੈਰੀਆਂ ਵਿੱਚੋਂ ਹੋਵੇ!
24 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਜਲੂਸ ਨੂੰ ਵੇਖਿਆ, ਪਵਿੱਤਰ ਅਸਥਾਨ ਵਿੱਚ ਮੇਰੇ ਪਰਮੇਸ਼ੁਰ, ਮੇਰੇ ਪਾਤਸ਼ਾਹ ਦੇ ਜਲੂਸ ਨੂੰ।
25 ਗਵਈਏ ਅੱਗੇ ਅੱਗੇ ਅਤੇ ਵਜੰਤਰੀ ਪਿੱਛੇ ਪਿੱਛੇ ਚੱਲਦੇ, ਜੁਆਨ ਤੀਵੀਆਂ ਵਿਚਕਾਰ ਡੱਫਾਂ ਵਜਾਉਂਦੀਆਂ ਜਾਂਦੀਆਂ ਸਨ।
26 ਤੁਸੀਂ ਜਿਹੜੇ ਇਸਰਾਏਲ ਦੇ ਸੋਤੇ ਤੋਂ ਹੋ, ਸੰਗਤਾਂ ਵਿੱਚ ਪ੍ਰਭੁ ਪਰਮੇਸ਼ੁਰ ਨੂੰ ਧੰਨ ਆਖੋ!
27 ਉੱਥੇ ਛੋਟਾ ਬਿਨਯਾਮੀਨ ਉਨ੍ਹਾਂ ਦਾ ਹਾਕਮ ਹੈ, ਯਹੂਦਾਹ ਦੇ ਸਰਦਾਰ ਆਪਣੀਆਂ ਟੋਲੀਆਂ ਸਣੇ, ਜ਼ਬੂਲੁਨ ਦੇ ਸਰਦਾਰ ਅਤੇ ਨਫ਼ਤਾਲੀ ਦੇ ਸਰਦਾਰ ਵੀ ਹਨ।।
28 ਤੇਰੇ ਪਰਮੇਸ਼ੁਰ ਨੇ ਤੇਰੇ ਬਲ ਦੀ ਆਗਿਆ ਕੀਤੀ ਹੈ, ਹੇ ਪਰਮੇਸ਼ੁਰ, ਜੋ ਕੁਝ ਤੈਂ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ!
29 ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ, ਰਾਜੇ ਤੇਰੇ ਲਈ ਭੇਟ ਲਿਆਉਣਗੇ।
30 ਕਾਨਿਆਂ ਦੇ ਦਰਿੰਦੇ ਨੂੰ ਝਿੜਕ ਦੇਹ, ਨਾਲੇ ਸਾਨ੍ਹਾਂ ਦੇ ਵੱਗ ਨੂੰ ਲੋਕਾਂ ਦੇ ਵੱਛਿਆਂ ਸਣੇ, ਜਿਹੜੇ ਚਾਂਦੀ ਦੇ ਟੁਕੜੇ ਮਿੱਧਦੇ ਹਨ! ਜਿਹੜੇ ਲੋਕ ਲੜਾਈ ਨੂੰ ਪਸੰਦ ਕਰਦੇ ਹਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
31 ਮਿਸਰ ਤੋਂ ਰਈਸ ਆਉਣਗੇ, ਕੂਸ਼ ਸ਼ਿਤਾਬੀ ਆਪਣੇ ਹੱਥ ਪਰਮੇਸ਼ੁਰ ਵੱਲ ਪਸਾਰੇਗਾ।।
32 ਹੇ ਧਰਤੀ ਦੀਓ ਰਾਜ ਧਾਨੀਓ, ਪਰਮੇਸ਼ੁਰ ਲਈ ਗਾਓ, ਪ੍ਰਭੁ ਲਈ ਭਜਨ ਕੀਰਤਨ ਕਰੋ।। ਸਲਹ।।
33 ਜਿਹੜਾ ਮੁੱਢੋਂ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਵੇਖੋ, ਉਹ ਆਪਣੀ ਅਵਾਜ਼, ਇੱਕ ਜੋਰ ਵਾਲੀ ਅਵਾਜ਼ ਸੁਣਾਉਂਦਾ ਹੈ।
34 ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨੂੰ ਮੰਨੋ, ਉਹ ਦਾ ਪਰਤਾਪ ਇਸਰਾਏਲ ਉੱਤੇ, ਅਤੇ ਉਹ ਦੀ ਸਮਰੱਥਾ ਅਕਾਸ਼ ਮੰਡਲ ਵਿੱਚ ਹੈ।
35 ਹੇ ਪਰਮੇਸ਼ੁਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਭਿਆਣਕ ਹੈਂ, ਇਸਰਾਏਲ ਦਾ ਪਰਮੇਸ਼ੁਰ ਉਹੋ ਹੈ ਜਿਹੜਾ ਆਪਣੀ ਪਰਜਾ ਨੂੰ ਸਮਰੱਥਾ ਅਤੇ ਸ਼ਕਤੀ ਦਿੰਦਾ ਹੈ। ਪਰਮੇਸ਼ੁਰ ਮੁਬਾਰਕ ਹੋਵੇ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×