Bible Versions
Bible Books

Job 36 (PAV) Punjabi Old BSI Version

1 ਅਤੇ ਅਲੀਹੂ ਨੇ ਹੋਰ ਆਖਿਆ,
2 ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਭਈ ਪਰਮੇਸ਼ੁਰ ਲਈ ਹੋਰ ਗੱਲਾਂ ਵੀ ਹਨ।
3 ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ,
4 ਕਿਉਂ ਜੋ ਸੱਚ ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨੀ ਤੇਰੇ ਨਾਲ ਹੈਗਾ
5 ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧੀ ਵਿੱਚ ਮਹਾਨ ਹੈ।
6 ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਨ੍ਹਾਂ ਦਾ ਹੱਕ ਦਿੰਦਾ ਹੈ।
7 ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ ਗੱਦੀ ਉੱਤੇ ਉਨ੍ਹਾਂ ਨੂੰ ਸਦਾ ਲਈ ਬਹਾਉਂਦਾ ਹੈ ਅਤੇ ਓਹ ਉੱਚੇ ਕੀਤੇ ਜਾਂਦੇ ਹਨ।
8 ਅਤੇ ਜੇ ਓਹ ਬੇੜੀਆਂ ਨਾਲ ਨਰੜੇ ਜਾਣ ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ,
9 ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੱਸਦਾ ਹੈ, ਨਾਲੇ ਉਨ੍ਹਾਂ ਦੇ ਅਪਰਾਧ ਭਈ ਓਹ ਘੁਮੰਡੀ ਹਨ।
10 ਉਹ ਸਿਖਸ਼ਾ ਲਈ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ, ਅਤੇ ਫ਼ਰਮਾਉਂਦਾ ਹੈ ਭਈ ਬੁਰਿਆਈ ਤੋਂ ਮੁੜੋ!
11 ਜੇ ਓਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਾਂ ਓਹ ਆਪਣੇ ਦਿਨ ਭਲਿਆਈ ਵਿੱਚ ਪੂਰੇ ਕਰਨਗੇ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ।
12 ਅਤੇ ਜੇ ਓਹ ਨਾ ਸੁਣਨ, ਤਾਂ ਓਹ ਤਲਵਾਰ ਨਾਲ ਨਾਸ਼ ਹੋਣਗੇ, ਅਤੇ ਗਿਆਨ ਤੋਂ ਬਿਨਾ ਮਰਨਗੇ!
13 ਪਰ ਦਿਲ ਦੇ ਨਾਸਤਕ ਕ੍ਰੋਧ ਰੱਖ ਛੱਡਦੇ ਹਨ, ਉਹ ਦੁਹਾਈ ਨਹੀਂ ਦਿੰਦੇ ਜਦ ਓਹ ਉਨ੍ਹਾਂ ਨੂੰ ਨਰੜਦਾ ਹੈ।
14 ਓਹ ਜੁਆਨੀ ਵਿੱਚ ਜਾਨ ਛੱਡ ਜਾਂਦੇ ਹਨ, ਅਤੇ ਮੁੰਡੇ ਬਾਜ਼ਾ ਵਿੱਚ ਉਨ੍ਹਾਂ ਦਾ ਜੀਵਨ ਮੁੱਕ ਜਾਂਦਾ ਹੈ।
15 ਉਹ ਦੁਖਿਆਰੇ ਨੂੰ ਉਹ ਦੇ ਦੁਖ ਦੇ ਵਸੀਲੇ ਛੁਡਾਉਂਦਾ ਹੈ, ਅਤੇ ਉਨ੍ਹਾਂ ਦੇ ਕੰਨ ਜੁਲਮ ਦੇ ਵਸੀਲੇ ਖੋਲ੍ਹ ਦਿੰਦਾ ਹੈ।।
16 ਹਾਂ, ਉਹ ਨੇ ਤੈਨੂੰ ਦੁਖ ਦੇ ਮੂੰਹ ਤੋਂ ਪਰੇਰ ਕੇ ਵੀ ਛੁਡਾਇਆ, ਖੁਲ੍ਹੇ ਥਾਂ ਵਿੱਚ ਜਿੱਥੇ ਕੋਈ ਤੰਗੀ ਨਹੀਂ ਸੀ, ਅਤੇ ਤੇਰੀ ਮੇਜ਼ ਦੀਆਂ ਰੱਖੀਆਂ ਹੋਈਆਂ ਚੀਜ਼ਾਂ ਚਰਬੀ ਨਾਲ ਭਰੀਆਂ ਹੋਈਆਂ ਸਨ।
17 ਪਰ ਤੂੰ ਦੁਸ਼ਟਾਂ ਦੇ ਫ਼ਤਵੇ ਨਾਲ ਭਰਿਆ ਹੋਇਆ ਹੈ, ਫ਼ਤਵਾ ਤੇ ਨਿਆਉਂ ਤੈਨੂੰ ਫੜਦੇ ਹਨ।
18 ਖ਼ਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪਰਾਸਚਿਤ ਦੀ ਬੜਾਈ ਤੈਨੂੰ ਕੁਰਾਹੇ ਪਾਵੇ।
19 ਭਲਾ, ਤੇਰੀ ਦੁਹਾਈ ਯਾ ਸ਼ਕਤੀ ਦਾ ਸਾਰਾ ਜ਼ੋਰ ਪਰਬੰਧ ਕਰੂਗਾ, ਭਈ ਤੂੰ ਦੁਖ ਵਿੱਚ ਨਾ ਪਵੇਂ?
20 ਉਸ ਰਾਤ ਲਈ ਨਾ ਲੋਚ, ਜਦ ਲੋਕ ਆਪਣੇ ਅਸਥਾਨਾਂ ਤੋਂ ਉਤਾਹਾਂ ਜਾਂਦੇ ਹਨ।
21 ਚੌਕਸ ਰਹੂ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੈਂ ਏਹ ਨੂੰ ਚੁਣਿਆ ਹੈ, ਨਾ ਕਿ ਮੁਸੀਬਤ ਨੂੰ!।।
22 ਵੇਖ, ਪਰਮੇਸ਼ੁਰ ਆਪਣੀ ਸਮੱਰਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ। ਉਹ ਦੇ ਤੁਲ ਗੁਰੂ ਕੌਣ ਹੈਗਾ?
23 ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਯਾ ਕੌਣ ਕਹਿ ਸੱਕਦਾ ਹੈ ਭਈ ਤੈਂ ਬਦੀ ਕੀਤੀ?
24 ਚੇਤੇ ਕਰ ਕਿ ਤੂੰ ਉਹ ਦੇ ਕਰਤੱਬ ਦੀ ਵਡਿਆਈ ਕਰੇਂ, ਜਿਹ ਨੂੰ ਮਨੁੱਖ ਗਾਉਂਦੇ ਹਨ।
25 ਸਾਰੇ ਆਦਮੀਆਂ ਨੇ ਉਹ ਨੂੰ ਡਿੱਠਾ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ।
26 ਵੇਖ, ਪਰਮੇਸ਼ੁਰ ਮਹਾਨ ਹੈਗਾ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰੇ ਹੈ।
27 ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ,
28 ਜਿਨ੍ਹਾਂ ਨੂੰ ਬੱਦਲ ਡੋਹਲਦੇ ਹਨ, ਅਤੇ ਓਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ।
29 ਭਲਾ, ਕੋਈ ਘਟਾਂ ਦਾ ਫੈਲਾਉ ਸਮਝ ਸੱਕਦਾ ਹੈ, ਉਹ ਦੇ ਮੰਡਪ ਦੀਆਂ ਗਰਜਾਂ ਭੀ?
30 ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਕੱਜਦਾ ਹੈ।
31 ਉਹ ਤਾਂ ਇਨ੍ਹਾਂ ਦੇ ਰਾਹੀਂ ਲੋਕਾਂ ਦਾ ਇਨਸਾਫ ਕਰਦਾ ਹੈ। ਉਹ ਵਾਫਰੀ ਨਾਲ ਭੋਜਨ ਦਿੰਦਾ ਹੈ
32 ਉਹ ਆਪਣਾ ਹੱਥ ਬਿਜਲੀ ਨਾਲ ਕੱਜਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਵਿਰੋਧੀ ਨੂੰ ਮਾਰੇ।
33 ਉਹ ਦੀ ਕੜਕ ਉਹ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×