Bible Versions
Bible Books

Job 9 (PAV) Punjabi Old BSI Version

1 ਅੱਯੂਬ ਨੇ ਉੱਤਰ ਦੇ ਕੇ ਆਖਿਆ,
2 ਮੈਂ ਸੱਚ ਮੁੱਚ ਜਾਣਦਾ ਹਾਂ ਭਈ ਇਹ ਏਵੇਂ ਹੀ ਹੈ, ਪਰ ਆਦਮੀ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੇ?
3 ਜੇ ਉਹ ਉਸ ਦੇ ਨਾਲ ਬਹਿਸ ਵੀ ਕਰਨਾ ਚਾਹੇ, ਤਾਂ ਹਜ਼ਾਰ ਵਿੱਚੋਂ ਇੱਕ ਗੱਲ ਦਾ ਜਵਾਬ ਨਹੀਂ ਦੇ ਸੱਕੇਗਾ।
4 ਉਹ ਦਿਲੋਂ ਬੁੱਧੀਮਾਨ ਤੇ ਅੱਤ ਬਲਵੰਤ ਹੈ, ਕਿਹ ਨੇ ਉਹ ਦਾ ਸਾਹਮਣਾ ਕਦੇ ਕੀਤਾ ਤੇ ਪਰਬਲ ਹੋਇਆ?
5 ਉਹ ਜੋ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਹ ਨਹੀਂ ਜਾਣਦੇ, ਜਦ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,
6 ਜੋ ਧਰਤੀ ਨੂੰ ਉਹ ਦੇ ਥਾਂ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉਠਦੇ ਹਨ,
7 ਜੋ ਸੂਰਜ ਨੂੰ ਹੁਕਮ ਕਰਦਾ ਹੈ ਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ,
8 ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ,
9 ਜੋ ਸਪਤ੍ਰਿਖ, ਜੱਬਾਰ, ਖਿੱਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ,
10 ਜੋ ਵੱਡੇ ਵੱਡੇ ਕੰਮ ਜਿਹੜੇ ਅਥਾਹ ਹਨ, ਅਤੇ ਅਚਰਜ, ਜਿਹੜੇ ਅਣਗਿਣਤ ਹਨ ਕਰਦਾ ਹੈ।।
11 ਵੇਖੋ, ਉਹ ਮੇਰੇ ਕੋਲ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖਦਾ ਨਹੀਂ, ਉਹ ਅੱਗੇ ਚੱਲਦਾ ਹੈ ਪਰ ਮੈਂ ਉਹ ਨੂੰ ਪਛਾਣਦਾ ਨਹੀਂ।
12 ਵੇਖੋ, ਉਹ ਝੱਪਟਾ ਮਾਰਦਾ ਹੈ - ਕੌਣ ਉਹ ਨੂੰ ਹਟਾਵੇਗਾ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?
13 ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਹੇਠ ਝੁਕ ਜਾਂਦੇ ਹਨ।
14 ਫੇਰ ਮੈਂ ਕਿੱਦਾਂ ਉਹ ਨੂੰ ਜਵਾਬ ਦੇ ਸੱਕਦਾ, ਯਾ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸੱਕਦਾ ਹਾ?
15 ਜਿਹ ਨੂੰ ਮੈਂ ਧਰਮੀ ਹੁੰਦਿਆਂ ਤੇ ਵੀ ਜਵਾਬ ਨਹੀਂ ਦੇ ਸੱਕਦਾ, ਮੈਂ ਆਪਣੇ ਨਿਆਈ ਦੇ ਅੱਗੇ ਦੁਹਾਈ ਦਿੰਦਾ।
16 ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਮੈਂ ਨਿਹਚਾ ਨਾ ਕਰਦਾ ਭਈ ਉਸ ਮੇਰੀ ਅਵਾਜ਼ ਉੱਤੇ ਕੰਨ ਧਰਿਆ ਹੈ,
17 ਕਿਉਂ ਜੋ ਉਹ ਮੈਨੂੰ ਤੁਫ਼ਾਨ ਨਾਲ ਤੋੜ ਸੁੱਟਦਾ, ਅਤੇ ਧਗਾਣੇ ਮੇਰੇ ਫੱਟਾਂ ਨੂੰ ਵਧਾਉਂਦਾ ਹੈ!
18 ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!
19 ਜੇ ਬਲ ਨੂੰ ਲਈਏ, ਤਾਂ ਸ਼ਕਤੀਮਾਨ ਨੂੰ ਵੇਖੋ, ਅਤੇ ਜੇ ਨਿਆਉਂ ਨੂੰ ਲਈਏ ਤਾਂ ਕੌਣ ਮੇਰਾ ਸੰਮਨ ਕਢਾ ਸੱਕਦਾ ਹੈ?
20 ਜੇ ਮੈਂ ਧਰਮੀ ਵੀ ਹੋਵਾਂ ਤਾਂ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਵੀ ਹੋਵਾਂ ਤਾਂ ਉਹ ਮੈਨੂੰ ਟੇਢਾ ਸਾਬਿਤ ਕਰੇਗਾ,
21 ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।।
22 ਏਹ ਇੱਕੋਈ ਗੱਲ ਹੈ, ਏਸ ਲਈ ਮੈਂ ਆਖਦਾ ਹਾਂ, ਖਰੇ ਤੇ ਖੋਟੇ ਨੂੰ ਉਹ ਮੁਕਾ ਦਿੰਦਾ ਹੈ!
23 ਜਦ ਕੋਰੜਾ ਅਚਾਣਕ ਮਾਰ ਸੁੱਟੇ, ਤਦ ਉਹ ਬੇ ਦੋਸ਼ਿਆਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ,
24 ਧਰਤੀ ਦੁਸ਼ਟਾਂ ਦੇ ਹੱਥ ਵਿੱਚ ਦਿੱਤੀ ਗਈ ਹੈ, ਉਹ ਨਿਆਈਆਂ ਦੇ ਚਿਹਰਿਆਂ ਨੂੰ ਢੱਕ ਦਿੰਦਾ ਹੈ, ਜੇ ਉਹ ਨਹੀਂ, ਤਾਂ ਹੋਰ ਕੌਣ?
25 ਮੇਰੇ ਦਿਨ ਹਲਕਾਰੇ ਤੋਂ ਵੀ ਤੇਜ਼ ਹਨ ਓਹ ਉੱਡ ਜਾਂਦੇ ਹਨ, ਓਹ ਭਲਿਆਈ ਨਹੀਂ ਵੇਖਦੇ,
26 ਉਹ ਕਾਗਤਾਂ ਦੀ ਬੇੜੀ ਵਾਂਙੁ ਚੱਲੇ ਜਾਂਦੇ ਹਨ, ਜਿਵੇਂ ਬਾਜ਼ ਸ਼ਿਕਾਰ ਤੇ ਝੱਪਟਾ ਮਾਰਦਾ ਹੈ।
27 ਜੇ ਮੈਂ ਆਖਾਂ ਭਈ ਮੈਂ ਆਪਣਾ ਗਿਲਾ ਭੁੱਲ ਜਾਵਾਂਗਾ, ਮੈਂ ਆਪਣਾ ਮੂੰਹ ਬਦਲਾਂਗਾ ਤੇ ਉਹ ਨੂੰ ਖੁਸ਼ ਵਿਖਾਵਾਂਗਾ,
28 ਮੈਂ ਆਪਣੇ ਸਾਰੇ ਦੁਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਭਈ ਤੂੰ ਮੈਨੂੰ ਬਰੀ ਨਾ ਕਰੇਂਗਾ।।
29 ਮੈਂ ਦੋਸ਼ੀ ਠਹਿਰਾਂਗਾ, ਮੈਂ ਕਿਉਂ ਵਿਅਰਥ ਕਸ਼ਟ ਝੱਲਾਂ
30 ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਸੋਡੇ ਨਾਲ ਸਾਫ ਕਰਾਂ,
31 ਤਾਂ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਮੈਥੋਂ ਘਿਣ ਕਰਨਗੇ।
32 ਉਹ ਮੇਰੇ ਜਿਹਾ ਮਨੁੱਖ ਨਹੀਂ ਭਈ ਮੈਂ ਉਹ ਨੂੰ ਉੱਤਰ ਦਿਆਂ, ਅਤੇ ਅਸੀਂ ਨਿਆਉਂ ਵਿੱਚ ਇਕੱਠੇ ਪਈਏ।
33 ਸਾਡੇ ਦੋਹਾਂ ਵਿੱਚ ਕੋਈ ਸਾਲਸ ਨਹੀਂ, ਜੋ ਸਾਡੇ ਦੋਹਾਂ ਉੱਤੇ ਹੱਥ ਰੱਖੇ
34 ਉਹ ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ, ਅਤੇ ਉਹ ਦਾ ਹੌਲ ਮੈਨੂੰ ਨਾ ਡਰਾਵੇ,
35 ਤਾਂ ਮੈਂ ਬੋਲਾਂਗਾ ਤੇ ਉਸ ਤੋਂ ਨਾ ਡਰਾਂਗਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×