Bible Versions
Bible Books

Exodus 35 (PAV) Punjabi Old BSI Version

1 ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਆਖਿਆ, ਏਹ ਗੱਲਾਂ ਹਨ ਜਿਨ੍ਹਾਂ ਦੇ ਕਰਨ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ
2 ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡਾ ਵਿਸਰਾਮ ਦਾ ਪਵਿੱਤ੍ਰ ਸਬਤ ਯਹੋਵਾਹ ਲਈ ਹੋਵੇ। ਜੋ ਕੋਈ ਉਸ ਵਿੱਚ ਕੰਮ ਕਰੇ ਉਹ ਮਾਰਿਆ ਜਾਵੇ
3 ਤੁਸਾਂ ਆਪਣੇ ਵਾਸਾਂ ਵਿੱਚ ਸਬਤ ਦੇ ਦਿਨ ਅੱਗ ਨਾ ਬਾਲਣੀ।।
4 ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਜਿਹੜੀ ਗੱਲ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਉਹ ਏਹ ਹੈ
5 ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ— ਸੋਨਾ ਚਾਂਦੀ ਪਿੱਤਲ
6 ਅਰ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਅਤੇ ਪਸ਼ਮ
7 ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਰ ਬੱਕਰਿਆਂ ਦੀਆਂ ਖੱਲਾਂ ਅਰ ਸ਼ਿੱਟੀਮ ਦੀ ਲੱਕੜੀ
8 ਅਰ ਦੀਵੇ ਦਾ ਤੇਲ ਅਰ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਧੂਪ ਦਾ ਮਸਾਲਾ
9 ਸੁਲੇਮਾਨੀ ਪੱਥਰ ਅਤੇ ਏਫ਼ੋਦ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ
10 ਤੁਹਾਡੇ ਵਿੱਚੋਂ ਹਰ ਇੱਕ ਚਤਰਾ ਆਵੇ ਅਰ ਸਭ ਕੁਝ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਬਣਾਵੇ
11 ਡੇਹਰਾ ਅਰ ਉਸ ਦਾ ਤੰਬੂ ਅਰ ਉਸ ਦਾ ਢੱਕਣ ਅਰ ਉਸ ਦੀਆਂ ਕੁੰਡੀਆਂ ਅਰ ਉਸ ਦੀਆਂ ਫੱਟੀਆਂ ਅਰ ਉਸ ਦੇ ਹੋੜੇ ਉਸ ਦੀਆਂ ਥੰਮ੍ਹੀਆਂ ਅਰ ਉਸ ਦੀਆਂ ਚੀਥੀਆਂ
12 ਸੰਦੂਕ ਅਤੇ ਉਸ ਦੀਆਂ ਚੋਬਾਂ ਪਰਾਸਚਿਤ ਦਾ ਸਰਪੋਸ਼ ਅਰ ਓਟ ਦਾ ਪੜਦਾ
13 ਮੇਜ਼ ਅਤੇ ਉਸ ਦੀਆਂ ਚੋਬਾਂ ਅਤੇ ਉਸ ਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ
14 ਸ਼ਮਾਦਾਨ ਚਾਨਣਾ ਦੇਣ ਲਈ ਅਤੇ ਉਸ ਦਾ ਸਮਾਨ ਅਰ ਉਸ ਦੇ ਦੀਵੇ ਅਤੇ ਚਾਨਣ ਲਈ ਤੇਲ
15 ਧੂਪ ਦੀ ਜਗਵੇਦੀ ਅਤੇ ਉਸ ਦੀਆਂ ਚੋਬਾਂ ਅਤੇ ਮਸਹ ਕਰਨ ਦਾ ਤੇਲ ਸੁਗੰਧੀ ਧੂਪ ਅਤੇ ਡੇਹਰੇ ਦੇ ਦਰਵੱਜੇ ਕੋਲ ਬੂਹੇ ਦੀ ਓਟ
16 ਅਤੇ ਹੋਮ ਦੀ ਜਗਵੇਦੀ ਅਤੇ ਉਹ ਦੇ ਲਈ ਪਿੱਤਲ ਦੀ ਝੰਜਰੀ ਅਤੇ ਉਹ ਦੀਆਂ ਚੋਬਾਂ ਅਰ ਉਸ ਦਾ ਸਾਰਾ ਸਮਾਨ ਹੌਦ ਅਤੇ ਉਹ ਦੀ ਚੌਂਕੀ
17 ਹਾਤੇਂ ਦੀਆਂ ਕਨਾਤਾਂ ਅਰ ਉਸ ਦੀਆਂ ਥੰਮ੍ਹੀਆਂ ਅਰ ਉਸ ਦੀਆਂ ਚੀਥੀਆਂ ਅਰ ਹਾਤੇ ਦੇ ਫਾਟਕ ਦੀ ਓਟ
18 ਡੇਹਰੇ ਦੀਆਂ ਕੀਲੀਆਂ ਅਤੇ ਹਾਤੇ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ
19 ਅਤੇ ਮਹੀਨ ਉਣੇ ਹੋਏ ਬਸਤ੍ਰ ਪਵਿੱਤ੍ਰ ਅਸਥਾਨ ਵਿੱਚ ਉਪਾਸਨਾ ਲਈ ਅਤੇ ਹਾਰੂਨ ਜਾਜਕ ਲਈ ਪਵਿੱਤ੍ਰ ਬਸਤ੍ਰ ਅਰ ਉਹ ਦੇ ਪੁੱਤ੍ਰਾਂ ਲਈ ਅਤੇ ਓਹਨਾਂ ਦੇ ਜਾਜਕਾਈ ਦੇ ਕੰਮ ਲਈ ਬਸਤ੍ਰ
20 ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਅੱਗੋਂ ਬਾਹਰ ਗਈ
21 ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ
22 ਮਨੁੱਖ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਆਈਆਂ ਅਤੇ ਮਨ ਦੀ ਭਾਉਣੀ ਨਾਲ ਜੁਗਨੀਆਂ ਨਥਾਂ ਛਾਪਾਂ ਅਤੇ ਹਾਰ ਸਾਰੇ ਸੋਨੇ ਦੇ ਗਹਿਣੇ ਲਿਆਏ ਅਰ ਸਾਰੇ ਮੁਨੱਖਾਂ ਨੇ ਯਹੋਵਾਹ ਲਈ ਸੋਨੇ ਦੀਆਂ ਭੇਟਾਂ ਦਿੱਤੀਆਂ
23 ਅਤੇ ਜਿਨ੍ਹਾਂ ਮਨੁੱਖਾਂ ਕੋਲੋਂ ਨੀਲਾ ਬੈਂਗਣੀ ਅਰ ਕਿਰਮਚੀ ਸੂਤ ਅਰ ਮਹੀਨ ਕਤਾਨ ਅਤੇ ਪਸ਼ਮ ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਲੱਭੀਆਂ ਓਹ ਲਿਆਏ
24 ਜਿਨਿਆਂ ਨੇ ਚਾਂਦੀ ਅਤੇ ਪਿੱਤਲ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਆਂ ਓਹ ਯਹੋਵਾਹ ਲਈ ਭੇਟਾਂ ਲਿਆਏ ਅਤੇ ਜਿਨਿਆਂ ਦੇ ਕੋਲੋਂ ਸ਼ਿੱਟੀਮ ਦੀ ਲੱਕੜੀ ਉਪਾਸਨਾ ਦੇ ਕਿਸੇ ਕੰਮ ਲਈ ਲੱਭੀ ਓਹ ਲਿਆਏ
25 ਅਤੇ ਸਾਰੀਆਂ ਚਤਰੀਆਂ ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ ਅਤੇ ਜੋ ਕੱਤਿਆ ਓਹੋ ਲੈ ਆਇਆਂ, ਅਰਥਾਤ ਨੀਲਾ ਬੈਂਗਣੀ ਅਰ ਕਿਰਮਚੀ ਮਹੀਨ ਕਤਾਨ
26 ਅਤੇ ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ
27 ਅਤੇ ਸਰਦਾਰ ਸੁਲੇਮਾਨੀ ਪੱਥਰ ਅਰ ਏਫ਼ੋਦ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ ਲਿਆਏ
28 ਅਰ ਮਸਾਲਾ ਅਤੇ ਚਾਨਣੇ ਲਈ ਤੇਲ ਅਤੇ ਮਸਹ ਕਰਨ ਲਈ ਤੇਲ ਅਰ ਸੁੰਗਧੀ ਧੂਪ
29 ਅਰ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿੰਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਓਹ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਬਣਾਉਣ ਦਾ ਹੁਕਮ ਦਿੱਤਾ ਸੀ ਉਹ ਯਹੋਵਾਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ
30 ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਵੇਖੋ ਬਸਲਏਲ ਹੂਰ ਦੇ ਪੋਤ੍ਰੇ ਅਤੇ ਊਰੀ ਦੇ ਪੁੱਤ੍ਰ ਨੂੰ ਜਿਹੜਾ ਯਹੂਦਾਹ ਦੇ ਗੋਤ ਦਾ ਹੈ ਯਹੋਵਾਹ ਨੇ ਨਾਉਂ ਲੈ ਕੇ ਬੁਲਾਇਆ ਹੈ
31 ਅਤੇ ਉਸ ਨੇ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ
32 ਕਿ ਉਹ ਚਤਰਾਈ ਦਾ ਕੰਮ ਕੱਢੇ ਅਤੇ ਸੋਨੇ ਚਾਂਦੀ ਅਰ ਪਿੱਤਲ ਦਾ ਕੰਮ ਕਰੇ
33 ਅਤੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਰਥਾਤ ਸਭ ਪਰਕਾਰ ਦੀ ਚਤਰਾਈ ਦਾ ਕੰਮ ਕਰੇ
34 ਅਤੇ ਉਸ ਨੇ ਸਿਖਲਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਕ ਦੇ ਪੁੱਤ੍ਰ ਆਹਾਲੀਆਬ ਨੂੰ ਦਿੱਤੀ
35 ਉਸ ਨੇ ਉਨ੍ਹਾਂ ਦੇ ਮਨਾਂ ਨੂੰ ਬੁੱਧ ਨਾਲ ਭਰਪੂਰ ਕੀਤਾ ਕਿ ਓਹ ਹਰ ਪਰਕਾਰ ਦਾ ਕਾਰੀਗਰੀ ਦਾ ਕੰਮ ਕਰਨ ਅਰਥਾਤ ਉੱਕਰਾਵੇ ਦਾ ਚਤੇਰੇ ਦਾ ਅਤੇ ਕਸੀਦੇਕਾਰ ਦਾ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਅਤੇ ਜੁਲਾਹੇ ਦਾ ਅਰ ਸਾਰੀ ਕਾਰੀਗਰੀ ਦੇ ਕਰਨ ਵਾਲਿਆਂ ਦਾ ਅਤੇ ਚਤਰਾਈ ਦੇ ਕੰਮ ਦੇ ਕਰਿੰਦਿਆਂ ਦਾ ਕੰਮ ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×