Bible Versions
Bible Books

Hebrews 10 (PAV) Punjabi Old BSI Version

1 ਸ਼ਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰਹੇ ਦੇ ਵਰਹੇ ਸਦਾ ਇੱਕੋ ਪਰਕਾਰ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸੱਕਦੀ ਹੈ
2 ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਓਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਓਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾॽ
3 ਪਰ ਇਨ੍ਹਾਂ ਬਲੀਦਾਨਾਂ ਤੋਂ ਵਰਹੇ ਦੇ ਵਰਹੇ ਪਾਪ ਚੇਤੇ ਆਉਂਦੇ ਹਨ
4 ਕਿਉਂ ਜੋ ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ
5 ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ
6 ਹੋਮਬਲੀ ਅਰ ਪਾਪਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,
7 ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।।
8 ਉੱਪਰ ਜੋ ਕਹਿੰਦਾ ਹੈ ਭਈ ਤੈਂ ਬਲੀਦਾਨਾਂ, ਭੇਟਾਂ, ਹੋਮਬਲੀਆਂ ਅਰ ਪਾਪਬਲੀਆਂ ਨੂੰ ਨਾ ਚਾਹਿਆ, ਨਾ ਉਨ੍ਹਾਂ ਤੋਂ ਪਰਸੰਨ ਹੋਇਆ, - ਪਰ ਏਹ ਸ਼ਰਾ ਦੇ ਅਨੁਸਾਰ ਚੜ੍ਹਾਏ ਜਾਂਦੇ ਹਨ
9 ਤਦ ਓਨ ਆਖਿਆ, ਵੇਖ, ਮੈਂ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ ਭਈ ਦੂਏ ਨੂੰ ਕਾਇਮ ਕਰੇ
10 ਅਤੇ ਉਸੇ ਇੱਛਿਆ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ
11 ਅਤੇ ਹਰੇਕ ਜਾਜਕ ਨਿੱਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸੱਕਦੇ ਵਾਰ ਵਾਰ ਚੜ੍ਹਾਉਂਦਾ ਹੈ
12 ਪਰ ਏਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ
13 ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ
14 ਕਿਉਂ ਜੋ ਉਹ ਨੇ ਇੱਕੋ ਭੇਟ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ
15 ਅਤੇ ਪਵਿੱਤਰ ਆਤਮਾ ਭੀ ਸਾਨੂੰ ਸਾਖੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ, -
16 ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਨਾਲ ਬੰਨ੍ਹਾਗਾਂ, ਉਨ੍ਹਾਂ ਦਿਨਾਂ ਦੇ ਮਗਰੋਂ, ਪ੍ਰਭੁ ਆਖਦਾ ਹੈ, - ਮੈਂ ਆਪਣੇ ਕਾਨੂੰਨ ਓਹਨਾਂ ਦਿਆਂ ਹਿਰਦਿਆਂ ਉੱਤੇ ਪਾਵਾਂਗਾ, ਅਤੇ ਓਹਨਾਂ ਦਿਆਂ ਮਨਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,
17 ਅਤੇ ਓਹਨਾਂ ਦੇ ਪਾਪਾਂ ਨੂੰ, ਅਤੇ ਓਹਨਾਂ ਦੀਆਂ ਬਦਕਾਰੀਆਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।।
18 ਸੋ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ।।
19 ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਿਲੇਰੀ ਹੈ
20 ਅਰਥਾਤ ਓਸ ਨਵੇਂ ਅਤੇ ਜੀਉਂਦੇ ਰਾਹ ਥੀਂ ਜਿਹੜਾ ਉਹ ਨੇ ਪੜਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲ੍ਹਿਆ
21 ਅਤੇ ਜਦੋਂ ਸਾਡਾ ਇੱਕ ਮਹਾ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਦੇ ਉੱਤੇ ਹੈ
22 ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ ਨੇੜੇ ਜਾਈਏ
23 ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ
24 ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ
25 ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੁੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।।
26 ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ
27 ਪਰ ਨਿਆਉਂ ਦੀ ਭਿਆਣਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ
28 ਜਿਸ ਕਿਸੇ ਨੇ ਮੂਸਾ ਦੀ ਸ਼ਰਾ ਦੀ ਟਾਲਨਾ ਕੀਤੀ ਹੋਵੇ ਓਹ ਦੋਂਹ ਯਾ ਤਿਹੁੰ ਗਵਾਹਾਂ ਦੀ ਗਵਾਹੀ ਨਾਲ ਬਿਨਾ ਤਰਸ ਕੀਤਿਆਂ ਮਾਰਿਆ ਜਾਂਦਾ ਹੈ
29 ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀਕੁ ਹੋਰ ਵੀ ਕਰੜੀ ਸਜ਼ਾ ਦੇ ਜੋਗ ਠਹਿਰਾਇਆ ਜਾਵੇਗਾ ਜਿਹ ਨੇ ਪਰਮੇਸ਼ੁਰ ਦੇ ਪੁੱਤ੍ਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ
30 ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਹ ਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ ਅਤੇ ਫੇਰ ਇਹ ਕਿ ਪ੍ਰਭੁ ਆਪਣੀ ਪਰਜਾ ਦਾ ਨਿਆਉਂ ਕਰੇਗਾ
31 ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!।।
32 ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲ ਨੂੰ ਸਹਿ ਲਿਆ
33 ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਓਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰਾਂ ਦੁਰਦਸ਼ਾ ਹੁੰਦੀ ਸੀ
34 ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋ ਉੱਤਮ ਅਤੇ ਅਟੱਲ ਹੈ
35 ਸੋ ਤੁਸਾਂ ਆਪਣੀ ਦਿਲੇਰੀ ਨੂੰ ਕਿਤੇ ਗੁਆ ਨਾ ਬੈਠਣਾ ਕਿ ਉਹ ਦਾ ਵੱਡਾ ਫਲ ਹੈ
36 ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ
37 ਇਹ ਲਿਖਿਆ ਹੈ, - ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ।
38 ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਂਹਾ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ ।।
39 ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×