Bible Versions
Bible Books

Job 22 (PAV) Punjabi Old BSI Version

1 ਫੇਰ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2 ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ? ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ।
3 ਤੇਰੇ ਧਰਮੀ ਹੋਣ ਨਾ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ? ਯਾ ਤੇਰੀਆਂ ਪੂਰਨ ਚਾਲਾਂ ਨਾਲ ਉਹ ਨੂੰ ਕੀ ਲਾਭ ਹੈ?
4 ਭਲਾ, ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ?
5 ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਵੀ ਹੈ?
6 ਕਿਉਂਕਿ ਤੈਂ ਆਪਣੇ ਭਰਾਉ ਦੀਆਂ ਵਸਤਾਂ ਧਿਗਾਣੇ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਭੀ ਕੱਪੜੇ ਲਾਹ ਲਏ ਹਨ।
7 ਤੈਂ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਥੋਂ ਰੋਟੀ ਰੋਕ ਰੱਖੀ।
8 ਬਲਵੰਤ ਮਨੁੱਖ ਨੂੰ ਆਪਣਾ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ ਦੰਨਿਆ ਸੀ ਉਹ ਉਸ ਵਿੱਚ ਵੱਸ ਗਿਆ।
9 ਤੈਂ ਵਿਧਵਾ ਨੂੰ ਖਾਲੀ ਮੋੜ ਘੱਲਿਆ, ਅਤੇ ਯਤੀਮਾਂ ਦੀਆਂ ਬਾਂਹਾਂ ਭੰਨੀਆਂ ਗਈਆਂ।
10 ਏਸ ਲਈ ਫੰਦੇ ਤੇਰੇ ਆਲੇ ਦੁਆਲੇ ਹਨ, ਅਤੇ ਅਚਾਣਚੱਕ ਭੈ ਤੈਨੂੰ ਘਬਰਾਉਂਦਾ ਹੈ!
11 ਯਾ ਤੂੰ ਅਨ੍ਹੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ?
12 ਕੀ ਪਰਮੇਸ਼ੁਰ ਅਕਾਸ਼ ਦੀ ਉਚਿਆਈ ਵਿੱਚ ਨਹੀਂ? ਤਾਰਿਆਂ ਦੀ ਮਹਾਨਤਾ ਵੇਖ ਕਿ ਉਹ ਕੇਡੇ ਉੱਚੇ ਹਨ!
13 ਅਤੇ ਤੂੰ ਆਖਦਾ ਹੈ, ਪਰਮੇਸ਼ੁਰ ਕੀ ਜਾਣਦਾ ਹੈ? ਕੀ ਉਹ ਘੁੱਪ ਅਨ੍ਹੇਰੇ ਵਿੱਚੋਂ ਨਿਆਉਂ ਕਰ ਸੱਕਦਾ ਹੈ?
14 ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ, ਭਈ ਉਹ ਵੇਖ ਨਾ ਸੱਕੇ, ਅਤੇ ਉਹ ਅਕਾਸ਼ ਮੰਡਲ ਉੱਤੇ ਚੱਲਦਾ ਫਿਰਦਾ ਹੈ।
15 ਭਲਾ, ਤੂੰ ਉਸੇ ਪੁਰਾਣੇ ਰਾਹ ਨੂੰ ਫੜ ਛੱਡੇਂਗਾ, ਜਿਹ ਦੇ ਵਿੱਚ ਬੁਰੇ ਆਦਮੀ ਚੱਲਦੇ ਸਨ?
16 ਜਿਹੜੇ ਆਪਣੇ ਵੇਲੇ ਥੋਂ ਪਹਿਲਾਂ ਚੁੱਕੇ ਗਏ, ਜਿਨ੍ਹਾਂ ਦੀ ਨੀਉਂ ਦਰਿਆ ਨਾਲ ਰੁੜ੍ਹ ਗਈ,
17 ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ! ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰੂ?
18 ਤਾਂ ਭੀ ਓਸ ਉਨ੍ਹਾਂ ਦੇ ਘਰਾਂ ਨੂੰ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ!
19 ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ, -
20 ਸੱਚ ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਨ੍ਹਾਂ ਦੀ ਰਹਿੰਦ ਖੂੰਧ ਨੂੰ ਭੱਖ ਲੀਤਾ!।।
21 ਉਹ ਦੇ ਨਾਲ ਮਿਲਿਆ ਰਹੁ ਅਤੇ ਸੁਖੀ ਰਹੁ, ਨੇਕੀ ਤੇਰੇ ਉੱਤੇ ਆਏਗੀ।
22 ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦਿਆਂ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ।
23 ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਤਾਂ ਤੂੰ ਬਣਿਆ ਰਹੇਂਗਾ, ਜੇ ਤੂੰ ਬਦੀ ਆਪਣੇ ਤੰਬੂਆਂ ਥੋਂ ਦੂਰ ਕਰੇਂ, -
24 ਜੇ ਤੂੰ ਸੋਨਾ ਖੇਹ ਵਿੱਚ, ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ, -
25 ਜੇ ਸਰਬ ਸ਼ਕਤੀਮਾਨ ਤੇਰਾ ਸੋਨਾ ਅਤੇ ਤੇਰੀ ਅਣਮੁੱਲ ਚਾਂਦੀ ਹੋਵੇ,
26 ਤਦ ਤਾਂ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ।
27 ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੂਗਾ, ਅਤੇ ਤੂੰ ਆਪਣੀਆਂ ਸੁੱਖਣਾਂ ਪੂਰੀਆਂ ਕਰੇਂਗਾ।
28 ਜਿਸ ਗੱਲ ਲਈ ਤੇਰਾ ਮਨਸ਼ਾ ਹੋਏਗਾ, ਉਹ ਤੇਰੇ ਲਈ ਠਹਿਰਾਈ ਜਾਏਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ।
29 ਜਦ ਓਹ ਤੈਨੂੰ ਨੀਚਾ ਕਰਨ ਤਾਂ ਤੂੰ ਆਖੇਂਗਾ ਭਈ ਏਹ ਤਾਂ ਉੱਚਾ ਹੋਣਾ ਹੈ! ਅਤੇ ਉਹ ਨੀਵੀਆਂ ਅੱਖਾਂ ਵਾਲੇ ਨੂੰ ਬਚਾਵੇਗਾ।
30 ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਭੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸਫਾਈ ਨਾਲ ਤੂੰ ਬਚਾਇਆ ਜਾਵੇਂਗਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×