Bible Versions
Bible Books

Judges 3 (PAV) Punjabi Old BSI Version

1 ਏਹ ਓਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਰਹਿਣ ਦਿੱਤਾ ਜੋ ਇਸਰਾਏਲ ਦਾ ਅਰਥਾਤ ਉਨ੍ਹਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ ਉਨ੍ਹਾਂ ਦੇ ਰਾਹੀਂ ਪਰਤਾਵਾ ਲਵੇ
2 ਨਿਰਾ ਏਸੇ ਲਈ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ ਉਹ ਸਿਖਾਵੇ
3 ਅਰਥਾਤ ਫਲਿਸਤੀਆਂ ਦੇ ਪੰਜ ਸਰਦਾਰ ਅਤੇ ਸਾਰੇ ਕਨਾਨੀ ਅਰ ਸੀਦੋਨੀ ਅਰ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਆਲ-ਹਰਮੋਨ ਦੇ ਪਹਾੜੋਂ ਲੈ ਕੇ ਹਮਾਥ ਦੇ ਲਾਂਘੇ ਤੋੜੀ ਵੱਸਦੇ ਸਨ
4 ਏਹ ਇਸ ਲਈ ਰਹੇ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਿਆ ਜਾਵੇ ਅਤੇ ਮਲੂਮ ਹੋਵੇ ਜੋ ਓਹ ਯਹੋਵਾਹ ਦੀਆਂ ਆਗਿਆਂ ਨੂੰ ਜੋ ਉਹ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਆਖੀਆਂ ਸਨ ਸੁਣਨਗੇ ਯਾ ਨਹੀਂ।।
5 ਸੋ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ
6 ਅਰ ਉਨ੍ਹਾਂ ਨੇ ਓਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਰ ਆਪਣੀਆਂ ਧੀਆਂ ਓਹਨਾਂ ਦੇ ਪੁੱਤ੍ਰਾਂ ਨੂੰ ਦਿੱਤੀਆਂ ਅਤੇ ਓਹਨਾਂ ਦੇ ਦਿਓਤਿਆਂ ਦੀ ਪੂਜਾ ਕੀਤੀ।।
7 ਸੋ ਇਸਰਾਏਲੀਆਂ ਨੇ ਯੋਹਾਵਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿਸਾਰਿਆ ਅਤੇ ਬਆਲਾਂ ਤੇ ਅਸੇਰਾਹ ਦੇਵੀ ਦੀ ਪੂਜਾ ਕੀਤੀ।।
8 ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਵੇਚ ਦਿੱਤਾ ਸੋ ਓਹ ਕੂਸ਼ਨ-ਰਿਸ਼ਾਤੈਮ ਦੀ ਟਹਿਲ ਅੱਠ ਵਰਹੇ ਕਰਦੇ ਰਹੇ
9 ਜਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਦ ਯਹੋਵਾਹ ਨੇ ਇੱਕ ਬਚਾਉਣ ਵਾਲਾ ਆਥਨੀਏਲ ਅਰਥਾਤ ਕਾਲੇਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤ੍ਰ ਆਥਨੀਏਲ ਨੂੰ ਜਿਹ ਨੇ ਉਨ੍ਹਾਂ ਨੂੰ ਬਚਾਇਆ ਠਹਿਰਾਇਆ
10 ਅਤੇ ਯਹੋਵਾਹ ਦਾ ਆਤਮਾ ਉਸ ਦੇ ਉੱਤੇ ਆਇਆ ਅਰ ਉਹ ਇਸਰਾਏਲ ਦਾ ਨਿਆਈ ਬਣਿਆ ਅਰ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਨੂੰ ਉਹ ਦੇ ਹੱਥ ਵਿੱਚ ਕਰ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ
11 ਅਤੇ ਚਾਲੀਆਂ ਵਰਿਹਾਂ ਤੀਕਰ ਉਹ ਦੇਸ ਸੁਖੀ ਰਿਹਾ, ਤਾਂ ਕਨਜ਼ ਦਾ ਪੁੱਤ੍ਰ ਆਥਨੀਏਲ ਮਰ ਗਿਆ।।
12 ਇਸਰਾਏਲੀਆਂ ਨੇ ਫੇਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਤਾਂ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ
13 ਅਤੇ ਉਸ ਨੇ ਅੰਮੋਨੀਆਂ ਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ
14 ਸੋ ਇਸਰਾਏਲੀ ਅਠਾਰਾਂ ਵਰਿਹਾਂ ਤੀਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ
15 ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਿਨਯਾਮੀਨੀ ਗੇਰਾ ਦੇ ਪੁੱਤ੍ਰ ਏਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹਥੀਂ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਘੱਲਿਆ
16 ਪਰ ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੁਧਾਰੀ ਕਟਾਰ ਬਣਵਾਈ ਅਤੇ ਉਹ ਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨਿਆ
17 ਅਤੇ ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ ਅਤੇ ਅਗਲੋਨ ਇੱਕ ਵੱਡਾ ਘੋਗੜ ਮਨੁੱਖ ਸੀ
18 ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ
19 ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ ਤਾਂ ਜਿਹੜੇ ਉਹ ਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿੱਕਲ ਗਏ
20 ਤਾਂ ਏਹੂਦ ਉਹ ਦੇ ਕੋਲ ਆਇਆ, ਉਸ ਵੇਲੇ ਉਹ ਵਾ ਖੋਰੀ ਚੁਬਾਰੇ ਵਿੱਚ ਜੋ ਨਿਰਾ ਉਹ ਦੇ ਲਈ ਸੀ ਬੈਠਾ ਹੋਇਆ ਸੀ ਤਾਂ ਏਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ਾ ਹੈ ਤਾਂ ਉਹ ਚੌਂਕੀ ਉੱਤੋਂ ਉੱਠ ਖਲੋਤਾ
21 ਤਾਂ ਏਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹ ਦੀ ਤੋਂਦ ਦੇ ਵਿੱਚ ਘਸੋੜ ਦਿੱਤੀ
22 ਅਤੇ ਫਲ ਦੇ ਸਣੇ ਮੁੱਠ ਭੀ ਧੱਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ ਕਿਉਂ ਜੋ ਉਸ ਨੇ ਉਹ ਦੀ ਤੋਂਦ ਵਿੱਚੋਂ ਉਹ ਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿੱਕਲ ਪਿਆ
23 ਤਦ ਏਹੂਦ ਨੇ ਬਾਹਰ ਸੁਫੇ ਵਿੱਚ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਅਰ ਜੰਦਰਾ ਮਾਰ ਦਿੱਤਾ
24 ਜਦ ਉਹ ਨਿੱਕਲ ਗਿਆ ਤਾਂ ਉਹ ਦੇ ਟਹਿਲੂਏ ਆਏ ਅਤੇ ਜਾਂ ਉਨ੍ਹਾਂ ਨੇ ਡਿੱਠਾ, ਵੇਖੋ, ਚੁਬਾਰੇ ਦੇ ਬੂਹੇ ਵੱਜੇ ਹੋਏ ਸਨ ਤਾਂ ਉਹ ਬੋਲੇ, ਉਹ ਵਾ ਖੋਰੇ ਚੁਬਾਰੇ ਵਿੱਚ ਬੈਠਾ ਹੋਊ
25 ਅਤੇ ਓਹ ਇੱਥੋਂ ਤੀਕਰ ਉਹ ਨੂੰ ਉਡੀਕਦੇ ਰਹੇ ਜੋ ਲੱਜਿਆਵਾਨ ਹੋਏ ਅਤੇ ਜਦੋਂ ਡਿੱਠਾ ਜੋ ਚੁਬਾਰੇ ਦਾ ਬੂਹਾ ਨਹੀਂ ਖੁੱਲ੍ਹਦਾ, ਤਾਂ ਉਨ੍ਹਾਂ ਨੇ ਕੁੰਜੀ ਲਾ ਕੇ ਆਪ ਬੂਹਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮੇਇਆ ਪਿਆ ਸੀ!
26 ਉਨ੍ਹਾਂ ਦੇ ਉਡੀਕਣ ਦੇ ਚਿਰ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ
27 ਤਾਂ ਅਜਿਹਾ ਹੋਇਆ ਕਿ ਜਦੋਂ ਉੱਥੇ ਅੱਪੜਿਆ ਤਾਂ ਉਹ ਨੇ ਇਫ਼ਰਾਈਮ ਦੇ ਪਹਾੜ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ ਅੱਗੇ ਹੋਇਆ
28 ਉਸ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ, ਸੋ ਓਹ ਉਸ ਦੇ ਪਿੱਛੇ ਲੱਥੇ ਅਤੇ ਯਰਦਨ ਦਿਆਂ ਪੱਤਣਾਂ ਨੂੰ ਜੋ ਮੋਆਬ ਦੀ ਵੱਲ ਸਨ, ਮੱਲ ਲਿਆ ਅਤੇ ਇੱਕ ਨੂੰ ਭੀ ਪਾਰ ਨਾ ਲੰਘਣ ਦਿੱਤਾ
29 ਉਸ ਵੇਲੇ ਮੋਆਬ ਦੇ ਦਸ ਕੁ ਹਜ਼ਾਰ ਮਨੁੱਖ ਉਨ੍ਹਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਅਰ ਉਨ੍ਹਾਂ ਵਿੱਚੋਂ ਇੱਕ ਭੀ ਨਾ ਬਚਿਆ
30 ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੋਆਬ ਆਇਆ ਅਤੇ ਅੱਸੀਆਂ ਵਰਿਹਾਂ ਤੋਂੜੀਂ ਉਹ ਦੇਸ ਸੁੱਖ ਭੋਗਦਾ ਰਿਹਾ।।
31 ਉਹ ਦੇ ਪਿੱਛੋਂ ਅਨਾਥ ਦਾ ਪੁੱਤ੍ਰ ਸ਼ਮਗਰ ਉੱਠਿਆ ਅਤੇ ਉਸ ਨੇ ਫਲਿਸਤੀਆਂ ਵਿੱਚੋਂ ਛੀ ਸੌ ਮਨੁੱਖਾਂ ਨੂੰ ਬਲਦ ਦੀ ਪਾਰਇਣ ਨਾਲ ਮਾਰਿਆ ਸੋ ਉਸ ਨੇ ਭੀ ਇਸਰਾਏਲ ਨੂੰ ਬਚਾਇਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×