Bible Versions
Bible Books

Matthew 17 (PAV) Punjabi Old BSI Version

1 ਛਿਆਂ ਦਿਨਾਂ ਪਿੱਛੋਂ ਯਿਸੂ ਪਤਰਸ ਅਤੇ ਯਾਕੂਬ ਅਤੇ ਉਹ ਦੇ ਭਾਈ ਯੂਹੰਨਾ ਨੂੰ ਨਾਲ ਲੈਕੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ
2 ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਅਰ ਉਹ ਦਾ ਮੂੰਹ ਸੂਰਜ ਵਾਂਙੁ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ
3 ਅਤੇ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਵਿਖਾਲੀ ਦਿੱਤੇ
4 ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੁ ਜੀ ਸਾਡਾ ਐਥੇ ਹੋਣਾ ਚੰਗਾ ਹੈ ਜੇ ਤੂੰ ਚਾਹੇਂ ਤਾਂ ਐਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ
5 ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਤੇ ਛਾਉਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ
6 ਅਤੇ ਚੇਲੇ ਇਹ ਸੁਣ ਕੇ ਮੂੰਧੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ
7 ਪਰ ਯਿਸੂ ਨੇ ਨੇੜੇ ਆਣ ਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ
8 ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇੱਕਲੇ ਯਿਸੂ ਨੂੰ ਡਿੱਠਾ।।
9 ਜਾਂ ਓਹ ਪਹਾੜੋਂ ਉੱਤਰਦੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਕੀਤਾ ਭਈ ਜਦ ਤੀਕ ਮਨੁੱਖ ਦਾ ਪੁੱਤ੍ਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ
10 ਤਦ ਉਹ ਦੇ ਚੇਲਿਆਂ ਨੇ ਉਸ ਨੂੰ ਪੁਛਿਆ, ਫੇਰ ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜਰੂਰ ਹੈ?
11 ਉਸ ਨੇ ਉੱਤਰ ਦਿੱਤਾ ਜੋ ਏਲੀਯਾਹ ਠੀਕ ਆਉਂਦਾ ਹੈ ਅਤੇ ਸੱਭੋ ਕੁਝ ਬਹਾਲ ਕਰੇਗਾ
12 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਏਲੀਯਾਹ ਤਾਂ ਚੁੱਕਿਆ ਅਤੇ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ ਪਰ ਜੋ ਕੁਝ ਉਨ੍ਹਾਂ ਨੇ ਚਾਹਿਆ ਸੋ ਉਹ ਦੇ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਵੀ ਉਨ੍ਹਾਂ ਦੇ ਹੱਥੋਂ ਦੁਖ ਪਾਵੇਗਾ
13 ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।।
14 ਜਦ ਓਹ, ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ
15 ਪ੍ਰਭੁ ਜੀ ਮੇਰੇ ਪੁੱਤ੍ਰ ਉੱਤੇ ਦਯਾ ਕਰੋ ਕਿਉਂ ਜੋ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ
16 ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ ਪਰ ਓਹ ਉਸ ਨੂੰ ਚੰਗਾ ਨਾ ਕਰ ਸੱਕੇ
17 ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਪੀੜ੍ਹੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦ ਤੋੜੀ ਤੁਹਾਡੀ ਸਹਾਂਗਾ? ਉਹ ਨੂੰ ਐਥੇ ਮੇਰੇ ਕੋਲ ਲਿਆ
18 ਤਾਂ ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਰ ਮੁੰਡਾ ਉਸੇ ਘੜੀਓਂ ਚੰਗਾ ਹੋ ਗਿਆ
19 ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸੱਕੇ?
20 ਉਸ ਨੇ ਕਿਹਾ, ਆਪਣੀ ਘੱਟ ਨਿਹਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।।
21 number="21"/>
22 ਜਦ ਓਹ ਗਲੀਲ ਵਿੱਚ ਇੱਕਠੇ ਹੋਏ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ
23 ਅਤੇ ਓਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਜੀ ਉੱਠੇਗਾ। ਤਾਂ ਓਹ ਬਹੁਤ ਉਦਾਸ ਹੋਏ।।
24 ਜਾਂ ਓਹ ਕਫ਼ਰਨਾਹੂਮ ਵਿੱਚ ਆਏ ਤਾਂ ਅਠੰਨੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆਣ ਕੇ ਕਿਹਾ, ਕੀ ਤੁਹਾਡਾ ਗੁਰੂ ਅਠੰਨੀ ਨਹੀਂ ਦਿੰਦਾ? ਉਹ ਨੇ ਕਿਹਾ, ਹਾਂ ਦਿੰਦਾ ਹੈ
25 ਜਦ ਉਹ ਘਰ ਵਿੱਚ ਆਇਆ, ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿੰਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆ ਤੋਂ?
26 ਜਦ ਉਹ ਬੋਲਿਆ ਪਰਾਇਆਂ ਤੋਂ ਤਦ ਯਿਸੂ ਨੇ ਉਹ ਨੂੰ ਆਖਿਆ ਫੇਰ ਪੁੱਤ੍ਰ ਤਾਂ ਮਾਫ਼ ਹੋਏ
27 ਪਰ ਇਸ ਲਈ ਜੋ ਅਸੀਂ ਉਨ੍ਹਾਂ ਨੂੰ ਠੋਕਰ ਨਾ ਖੁਆਈਏ ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਰ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਰੁਪਿਆ ਪਾਏਂਗਾ ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਈਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×