1. ਮੈਂ ਸ਼ਾਰੋਨ ਦੀ ਨਰਗਸ, ਤੇ ਦੂਣਾਂ ਦੀ ਸੋਸਨ ਹਾਂ।।
2. ਜਿਵੇਂ ਸੋਸਨ ਝਾੜੀਆਂ ਦੇ ਵਿੱਚ ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।।
3. ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ। ਮੈਂ ਵੱਡੀ ਚਾਹ ਨਾਲ ਉਸ ਦੇ ਸਾਯੇ ਵਿੱਚ ਬੈਠੀ ਸਾਂ, ਉਸ ਦਾ ਫਲ ਤੇਰੇ ਤਾਲੂ ਨੂੰ ਮਿੱਠਾ ਲੱਗਦਾ ਸੀ।
4. ਉਹ ਮੈਨੂੰ ਦਾਉਤ-ਖ਼ਾਨੇ ਨੂੰ ਲੈ ਆਇਆ, ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
5. ਮੈਨੂੰ ਸੌਗੀ ਨਾਲ ਸਹਾਰਾ ਦਿਓ, ਸੇਆਂ ਨਾਲ ਮੈਨੂੰ ਨਰੋਆ ਕਰੋ, ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
6. ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥਾ ਮੈਨੂੰ ਘੇਰੇ ਵਿੱਚ ਲੈਂਦਾ!
7. ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!।।
8. ਮੇਰੇ ਬਾਲਮ ਦੀ ਅਵਾਜ਼! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਿਆਂ ਤੇ ਟਿੱਲਿਆਂ ਉੱਪਰ ਦੀ ਕੁੱਦਦਿਆਂ ਹੋਇਆਂ!
9. ਮੇਰਾ ਬਾਲਮ ਚਕਾਰੇ ਯਾ ਜੁਆਨ ਹਰਨ ਵਾਂਙੁ ਹੈ, ਵੇਖੋ, ਉਹ ਸਾਡੀ ਕੰਧ ਦੇ ਪਿਛਾੜੀ ਖੜਾ ਹੈ, ਉਹ ਤਾਕੀਆਂ ਵਿੱਚ ਦੀ ਝਾਕਦਾ, ਤੇ ਝਰੋਖਿਆ ਥਾਣੀ ਤੱਕਦਾ ਹੈ!।।
10. ਮੇਰੇ ਬਾਲਮ ਨੇ ਮੈਨੂੰ ਉੱਤਰ ਦੇ ਕੇ ਆਖਿਆ, ਮੇਰੀ ਰੂਪਵੰਤੀ, ਮੇਰੀ ਪ੍ਰੀਤਮਾ, ਉੱਠ ਤੇ ਚੱਲੀ ਆ,
11. ਕਿਉਂ ਜੋ ਵੇਖ, ਪਾਲਾ ਲੰਘ ਗਿਆ ਹੈ, ਮੀਂਹ ਪੈ ਕੇ ਚੱਲਾ ਗਿਆ ਹੈ,
12. ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ, ਗਾਉਣ ਦਾ ਸਮਾ ਆ ਗਿਆ, ਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ।
13. ਹਜੀਰ ਆਪਣੇ ਫਲ ਪਕਾਉਂਦੀ ਹੈ, ਅੰਗੂਰ ਖਿੜ ਰਹੇ ਹਨ, ਓਹ ਸੁਗੰਧ ਦਿੰਦੇ ਹਨ, - ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ!
14. ਹੇ ਮੇਰੀਏ ਕਬੂਤਰੀਏ, ਜਿਹੜੀ ਚਟਾਨ ਦੀਆਂ ਤੇੜਾਂ ਵਿੱਚ, ਢਲਾਣ ਦੇ ਓਹਲੇ ਵਿੱਚ ਹੈਂ, ਮੈਨੂੰ ਆਪਣਾ ਚਿਹਰਾ ਵਿਖਾ, ਮੈਨੂੰ ਆਪਣੀ ਅਵਾਜ਼ ਸੁਣਾ, ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ।।
15. ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ, ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ।
16. ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ, ਉਹ ਸੋਸਨਾਂ ਵਿੱਚ ਚਰਾਉਂਦਾ ਹੈ।
17. ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਹੇ ਮੇਰੇ ਬਾਲਮ, ਮੁੜ ਕੇ ਚਕਾਰੇ ਵਾਂਙੁ, ਜਾਂ ਹਰਨੋਟੇ ਵਾਂਗਰ ਹੋ, ਜਿਹੜਾ ਬਥਰ ਦੇ ਪਹਾੜਾਂ ਉੱਤੇ ਹੈ।।